
ਡੇਰਾਬੱਸੀ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, ਮਾਲਕ ਸਮੇਤ ਚਾਰ ਦੀ ਮੌਤ
ਡੇਰਾਬੱਸੀ, 24 ਸਤੰਬਰ (ਗੁਰਜੀਤ ਸਿੰਘ ਈਸਾਪੁਰ) : ਡੇਰਾਬੱਸੀ ਸਬ-ਡਵੀਜ਼ਨ ਦੇ ਰਾਮਲੀਲਾ ਗਰਾਉਂਡ ਨੇੜੇ ਵਾਰਡ ਨੰਬਰ 14 ਵਿਚ ਉਸਾਰੀ ਅਧੀਨ ਇਕ ਵਪਾਰਕ ਇਮਾਰਤ ਪਹਿਲੀ ਮੰਜ਼ਿਲ ਦੀ ਉਸਾਰੀ ਦੌਰਾਨ ਵੀਰਵਾਰ ਸਵੇਰੇ 9:30 ਵਜੇ ਢਹਿ-ਢੇਰੀ ਹੋ ਗਈ । ਤਕਰੀਬਨ ਚਾਰ ਘੰਟਿਆਂ ਦੇ ਬਚਾਅ ਕਾਰਜਾਂ ਦੌਰਾਨ, ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਦੋ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਮਲਬੇ ਵਿਚ ਫਸੇ ਹੋਰਨਾਂ ਨੂੰ ਬਚਾਉਣ ਵਿਚ ਐਨ.ਡੀ.ਆਰ.ਐਫ਼ ਟੀਮਾਂ ਨੂੰ ਦੋ ਘੰਟੇ ਹੋਰ ਲੱਗੇ। ਇਮਾਰਤ ਹੇਠ ਆਉਣ ਕਾਰਨ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ। ਜਾਨ ਗਵਾਉਣ ਵਾਲੇ ਵਿਅਕਤੀਆਂ ਵਿਚ ਇਮਾਰਤ ਵਿਚ ਕੰਮ ਕਰਨ ਵਾਲੇ ਤਿੰਨ ਪ੍ਰਵਾਸੀ ਮਜ਼ਦੂਰ ਅਤੇ ਇਕ ਇਮਾਰਤ ਦਾ ਮਾਲਕ ਵੀ ਸ਼ਾਮਲ ਹੈ, ਜਿਸ ਨੂੰ ਮੌਕੇ ਸਥਾਨਕ ਸਿਵਲ ਪ੍ਰਸ਼ਾਸਨ ਵਲੋਂ ਗੰਭੀਰ ਜ਼ਖਮੀ ਹੋਣ ਕਾਰਨ ਡਾਕਟਰੀ ਸਹਾਇਤਾ ਲਈ ਤੁਰਤ ਜੀਐਮਸੀਐਚ ਸੈਕਟਰ 32 ਭੇਜਿਆ ਗਿਆ ਸੀ ਪਰ ਡਾਕਟਰਾਂ ਵਲੋਂ ਉਸ ਨੂੰ ਬਚਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੋਪੀ ਚੰਦ (60), ਰਾਜੂ (46) ਅਤੇ ਰਮੇਸ਼ (45) ਉਸਾਰੀ ਮਜ਼ਦੂਰਾਂ ਵਜੋਂ ਹੋਈ ਹੈ ਅਤੇ ਇਮਾਰਤ ਦਾ ਮਾਲਕ 72 ਸਾਲਾ ਹਰਦੇਵ ਸਿੰਘ ਵਜੋਂ ਹੋਈ । ਇਸੇ ਦੌਰਾਨ 4 ਹੋਰ ਮਜ਼ਦੂਰ ਜੋ ਇਮਾਰਤ ਦੇ ਨੇੜੇ ਕੰਮ ਕਰ ਰਹੇ ਸਨ ਛੱਤ ਦੇ ਅਚਾਨਕ ਡਿੱਗਣ ਦੇ ਬਾਵਜੂਦ ਬਚ ਗਏ।