
ਕੈਪਟਨ ਵਲੋਂ ਪੰਜਾਬ ਦੀਆਂ ਸੂਮਹ ਸਿਆਸੀ ਪਾਰਟੀਆਂ ਨੂੰ ਖੇਤੀ ਬਿਲਾਂ ਵਿਰੁਧ ਇਕਜੁਟਤਾ ਨਾਲ ਲੜਨ ਦੀ ਅਪੀਲ
ਮੈਂ ਬਿਲਾਂ ਵਿਰੁਧ ਲੜਾਈ ਦੀ ਅਗਵਾਈ ਕਰਨ ਲਈ ਤਿਆਰ ਹਾਂ : ਮੁੱਖ ਮੰਤਰੀ
ਚੰਡੀਗੜ੍ਹ, 24 ਸਤੰਬਰ (ਤੇਜਿੰਦਰ ਫਤਿਹਪੁਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਸਿਆਸੀ ਪਾਰਟੀਆਂ ਨੂੰ ਸੌੜੇ ਸਿਆਸੀ ਮੁਫ਼ਾਦਾਂ ਤੋਂ ਉਪਰ ਉਠਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦੇਣ ਵਾਲੇ ਖੇਤੀ ਬਿਲਾਂ ਵਿਰੁਧ ਇਕਜੁਟ ਹੋ ਕੇ ਲੜਾਈ ਲੜਨ ਲਈ ਇਕ ਮੰਚ 'ਤੇ ਆਉਣ ਦੀ ਅਪੀਲ ਕੀਤੀ ਹੈ।
ਕਿਸਾਨਾਂ ਦੇ ਹਿਤਾਂ ਦੀ ਹਰ ਕੀਮਤ 'ਤੇ ਰਾਖੀ ਕਰਨ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਤਾਕਤ ਨਾਲ ਗ਼ੈਰ-ਸੰਵਿਧਾਨਕ ਕਿਸਾਨ ਵਿਰੋਧੀ ਬਿਲਾਂ ਵਿਰੁਧ ਸਿਆਸੀ ਲੜਾਈ ਲੜਨ ਲਈ ਅਗਵਾਈ ਕਰਨ ਵਾਸਤੇ ਤਿਆਰ ਹਨ। ਉਨ੍ਹਾਂ ਕਿਹਾ, ''ਇਨ੍ਹਾਂ ਘਾਤਕ ਨਵੇਂ ਕਾਨੂੰਨਾਂ ਤੋਂ ਮੇਰੇ ਕਿਸਾਨਾਂ ਅਤੇ ਸੂਬੇ ਨੂੰ ਬਚਾਉਣ ਲਈ ਜੋ ਕੁਝ ਵੀ ਕਰਨਾ ਪਿਆ, ਮੈਂ ਕਰਾਂਗਾ। ਇਹ ਕਾਨੂੰਨ ਸਾਡੇ ਖੇਤੀ ਸੈਕਟਰ ਨੂੰ ਖੋਖਲਾ ਕਰ ਦੇਣਗੇ ਅਤੇ ਪੰਜਾਬ ਦੀ ਖੇਤੀਬਾੜੀ ਦੀ ਜੀਵਨ ਰੇਖਾ ਨੂੰ ਤਬਾਹ ਕਰ ਦੇਣਗੇ।''
ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਡਟ ਕੇ ਖੜੀ ਹੈ ਅਤੇ ਅੱਗੇ ਵੀ ਮੋਢਾ ਨਾਲ ਮੋਢਾ ਜੋੜ ਕੇ ਖੜੇਗੀ ਤਾਕਿ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਨਾ ਸਿਰਫ਼ ਅਪਣੇ ਕਿਸਾਨਾਂ ਅਤੇ ਕਾਮਿਆਂ ਸਗੋਂ ਸਮੁੱਚੇ ਪੰਜਾਬ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਸਾਡੇ ਕਿਸਾਨ ਅਤੇ ਕਿਰਤੀ ਮੁਲਕ ਦਾ ਢਿੱਡ ਭਰਨ ਲਈ ਦਿਨ-ਰਾਤ ਖੇਤਾਂ ਵਿਚ ਪਸੀਨਾ ਵਹਾਉਂਦੇ ਹਨ। ਅਕਾਲੀਆਂ ਵਲੋਂ ਪੰਜਾਬ ਬਨਾਮ ਕੇਂਦਰ ਦੀ ਲੜਾਈ ਨੂੰ ਅਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਜਾਣ-ਬੁਝ ਕੇ ਸਥਾਨਕ ਰਾਜਸੀ ਟਕਰਾਅ ਵਿਚ ਬਦਲਣ ਦੀਆਂ ਕੋਸ਼ਿਸ਼ਾਂ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਦਲ ਦਿਤਾ ਹੈ ਜੋ ਹੁਣ ਇਕ ਰਾਜਨੀਤਕ ਤਾਕਤ ਦੀ ਬਜਾਏ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਕੈਬਨਿਟ ਵਿਚੋਂ ਅਸਤੀਫ਼ੇ ਨੂੰ ਅਕਾਲੀਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਜ਼ਿਕਰ ਕਰਦਿਆਂ ਤੇ ਵਜ਼ਾਰਤ ਛੱਡਣ ਨੂੰ 'ਕੁਰਬਾਨੀ' ਕਹਿਣ ਦਾ ਮਜ਼ਾਕ ਉਡਾਉਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਪਾਰਟੀ ਨੂੰ ਅਗ਼ਵਾ ਕਰਦਿਆਂ ਅਪਣੇ ਨਿਜੀ ਹਿਤਾਂ ਤੇ ਫ਼ਾਇਦੇ ਲਈ ਵਰਤਿਆ। ਉਨ੍ਹਾਂ ਕਿਹਾ, ''ਕੀ ਕੇਂਦਰੀ ਕੈਬਨਿਟ ਅਹੁਦਾ ਛਡਣਾ ਇਕ ਕੁਰਬਾਨੀ ਹੈ?''
ਉਨ੍ਹਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ
ਵਲੋਂ ਹਾਲ ਹੀ ਵਿਚ ਦਿਤੇ ਬਿਆਨ ਕਿ ਅਕਾਲੀ ਦਲ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਕਰ ਸਕਦਾ ਹੈ, ਦਾ ਮੌਜੂ ਉਡਾਉਂਦਿਆਂ ਕਿਹਾ ਕਿ ਬਾਦਲਾਂ ਨੂੰ ਕੁਰਬਾਨੀ ਦਾ ਅਰਥ ਵੀ ਨਹੀਂ ਪਤਾ। ਉਨ੍ਹਾਂ ਅਕਾਲੀ ਆਗੂ ਨੂੰ ਪੁਛਿਆ ਕਿ ਉਹ ਕੇਂਦਰ 'ਤੇ ਕਾਬਜ਼ ਕਿਸਾਨ ਵਿਰੋਧੀ ਐਨ.ਡੀ.ਏ. ਸਰਕਾਰ ਵਿਚ ਹੁਣ ਤਕ ਬੈਠੇ ਕੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦਾ ਦਾਅਵਾ ਕਿ ਜੇ ਲੋਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਦੇ ਹਨ ਤਾਂ ਉਹ ਕਿਸੇ ਕਾਰਪੋਰੇਟ ਨੂੰ ਪੰਜਾਬ ਦਾਖਲ ਹੋਣ ਨਹੀਂ ਦੇਣਗੇ, ਤੋਂ ਸਪੱਸ਼ਟ ਹੁੰਦਾ ਹੈ ਕਿ ਸਾਰਾ ਕੁਝ ਸੱਤਾ ਹਾਸਲ ਕਰਨ ਵਾਸਤੇ ਹੈ। ਉਨਾਂ ਦੀ ਪਾਰਟੀ ਵੱਲੋਂ ਰਚਿਆ ਸਾਰਾ ਡਰਾਮਾ ਸੱਤਾ ਦੀ ਕਾਠੀ ਚੜਨ ਵਾਸਤੇ ਹੈ।
ਰਾਜਸੀ ਮਜਬੂਰੀ ਦੇ ਤਹਿਤ ਬਿੱਲਾਂ ਉਤੇ ਅਕਾਲੀ ਦਲ ਵੱਲੋਂ ਲਏ ਯੂ ਟਰਨ ਨੂੰ ਨਿਰਾਸ਼ਾਜਨਕ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਦੋਂ ਲਿਆ ਗਿਆ ਜਦੋਂ ਉਨਾਂ ਦੀ ਪਾਰਟੀ ਨੂੰ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਪੂਰਨ ਤੌਰ 'ਤੇ ਅਲੋਪ ਹੋਣ ਦਾ ਖਤਰਾ ਹੋ ਗਿਆ ਸੀ। ਉਨਾਂ ਕਿਹਾ ਕਿ ਲੋਕ ਸਭਾ ਵਿੱਚ ਬਿੱਲ ਦੇ ਪੇਸ਼ ਹੋਣ ਤੱਕ ਨਾ ਹੀ ਸੁਖਬੀਰ ਸਿੰਘ ਬਾਦਲ ਅਤੇ ਨਾ ਹੀ ਉਸ ਦੀ ਪਤਨੀ ਹਰਸਿਮਰਤ ਨੇ ਕਿਸੇ ਵੀ ਮੌਕੇ 'ਤੇ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਨਹੀਂ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵੱਲੋਂ ਸਰਵ ਪਾਰਟੀ ਮੀਟਿੰਗ ਵਿੱਚ ਰੱਖੇ ਪੱਖ ਅਤੇ ਬਿੱਲ ਵਿਰੋਧੀ ਮਤਾ ਪਾਸ ਕਰਨ ਵਾਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਹਰ ਰਹਿਣ ਦਾ ਫੈਸਲੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਨੇ ਸਰਗਰਮੀ ਨਾਲ ਆਰਡੀਨੈਂਸਾਂ ਦੀ ਹਮਾਇਤ ਕਰਦਿਆਂ ਇਨਾਂ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਹੀ ਰਾਗ ਅਲਾਪੀ ਰੱਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਵੱਲੋਂ ਬਿੱਲਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਵਿੱਚ ਨਾਲ ਖੜੇ ਹੋਣ ਦੇ ਸਾਰੇ ਦਾਅਵੇ ਪਖੰਡ ਹਨ ਜਿਨਾਂ ਨੂੰ ਪ੍ਰਦਰਸ਼ਨਕਾਰੀ ਕਿਸਾਨ ਵੀ ਆਪਣੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਸਮਝ ਰਹੇ ਹਨ।
------image