
ਮਾਲਵੇ ਦੀ ਧਰਤੀ ਤੋਂ ਅਕਾਲੀ ਦਲ ਨੇ ਮੁੜ ਕੀਤਾ ਧਰਮ ਦੀ ਆੜ 'ਚ ਸਿਆਸੀ ਆਗ਼ਾਜ਼
ਸੁਖਬੀਰ ਅਤੇ ਹਰਸਿਮਰਤ ਕੌਰ ਨੇ ਪੰਜਾਬ ਅੰਦਰ ਕੈਪਟਨ, 'ਆਪ' ਸਣੇ ਦਿੱਲੀ ਦੀਆਂ ਕੰਧਾਂ ਨੂੰ ਹਿਲਾਉਣ ਬਾਰੇ ਕਹਿ ਕੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ
ਬਠਿੰਡਾ (ਦਿਹਾਤੀ), 24 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸਿਆਸੀ ਪੱਖ ਤੋਂ ਪਛੜ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਮਾਲਵੇ ਦੀ ਪਵਿੱਤਰ ਧਰਤੀ ਤਖ਼ਤ ਦਮਦਮਾ ਸਾਹਿਬ ਦਾ ਓਟ ਆਸਰਾ ਲੈ ਕੇ ਅਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ। ਕੇਂਦਰ ਵਲੋਂ ਲਿਆਂਦੇ ਤਿੰਨ ਖੇਤੀ ਆਰਡੀਨੈਸਾਂ ਉਪਰ ਯੂ ਟਰਨ ਲੈਣ ਉਪਰੰਤ ਕੇਂਦਰ ਦੀ ਭਾਜਪਾ ਸਰਕਾਰ ਦੇ ਮੰਤਰੀ ਮੰਡਲ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਸਾਬਕਾ ਕੇਂਦਰੀ ਵਜ਼ੀਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਖ਼ਤ ਦਮਦਮਾ ਸਾਹਿਬ ਨਤਮਸਤਕ ਹੋਣ ਦੇ ਨਾਲ ਅਪਣਾ ਵੱਡਾ ਇੱਕਠ ਤਖ਼ਤ ਸਾਹਿਬ ਉਪਰ ਲੈ ਕੇ ਪੁੱਜੇ।
ਨਤਮਸਤਕ ਹੋਣ ਉਪਰੰਤ ਦੀਵਾਨ ਹਾਲ ਵਿਚ ਵੱਡੀ ਗਿਣਤੀ ਵਿਚ ਜੁੜੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਅਪਣੇ ਨਿਸ਼ਾਨੇ ਉਪਰ ਸੂਬਾ ਸਰਕਾਰ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਵਿਰੋਧੀ ਧਿਰ 'ਆਪ' ਨੂੰ ਰਖਿਆ ਜਦਕਿ ਬੀਬਾ ਬਾਦਲ ਨੇ ਕੈਪਟਨ ਨਾਲ ਅਪਣੀ ਭਾਈਵਾਲ ਦਿੱਲੀ ਸਰਕਾਰ ਦੀਆ ਕੰਧਾਂ ਹਿਲਾਉਣ ਦੀ ਵੀ ਤਕਰੀਰ ਦਿਤੀ। ਸੁਖਬੀਰ ਬਾਦਲ ਨੇ ਅਪਣੇ ਸੰਬੋਧਨ ਵਿਚ ਇਕ ਵਾਰ ਮੁੜ ਸੰਸਦ ਦੀਆਂ ਤਕਰੀਰਾਂ ਦੁਹਰਾਉਦਿਆਂ ਅਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ, ਮਰਹੂਮ ਚੌਧਰੀ ਦੇਵੀ ਲਾਲ ਅਤੇ ਚੌਧਰੀ ਚਰਨ ਸਿੰਘ ਨੂੰ ਕਿਸਾਨਾਂ ਦੇ ਮਸੀਹਾ ਕਰਾਰ ਦਿੰਦਿਆਂ ਕਿਹਾ ਕਿ ਬਾਦਲ ਨੇ ਹੀ ਕਿਸਾਨ ਦੇ ਟਰੈਕਟਰ ਤੋਂ ਟੈਕਸ ਚੁੱਕ ਕੇ ਇਸ ਨੂੰ ਜੱਟ ਦਾ ਗੱਡਾ ਕਰਾਰ ਦੇਣ ਦੇ ਨਾਲ ਪੰਜਾਬ ਅੰਦਰ ਕੱਸੀਆ, ਖਾਲ, ਨਾਲੇ ਅਤੇ ਫ਼ੋਕਲ ਪੁਆਇੰਟ ਬਣਾਏ ਹਨ ਪਰ ਹੁਣ ਸੁਨੀਲ ਜਾਖੜ ਵਰਗੇ ਕਾਂਗਰਸੀ ਸਾਨੂੰ ਕਿਸਾਨ ਵਿਰੋਧੀ ਹੁਣ ਦਾ ਰਾਗ ਅਲਾਪ ਰਹੇ ਹਨ ਪਰ
ਅਸਲੀਅਤ ਪੱਖ ਤੋਂ ਅਕਾਲੀ ਦਲ ਪੰਥ, ਕਿਸਾਨ ਅਤੇ ਪੰਜਾਬ ਹਿਤੈਸ਼ੀ ਹੈ, ਜਦ ਮੈਂ ਸੰਸਦ ਵਿਚ ਬੋਲ ਰਿਹਾ ਸੀ ਤਦ ਪੂਰਾ ਦੇਸ਼ ਵੇਖ ਰਿਹਾ ਸੀ ਕਿ ਖੇਤੀ ਆਰਡੀਨੈਸਾਂ ਵਿਰੁਧ ਸਿਰਫ਼ ਮੈਂ ਅਤੇ ਹਰਸਿਮਰਤ ਕੌਰ ਨੇ ਵੋਟ ਪਾਈ ਜਦਕਿ ਸਾਹਮਣੇ ਵਾਲੇ ਪਾਸੇ ਭਾਜਪਾ ਦੇ 350 ਸੰਸਦ ਮੈਂਬਰ ਬੈਠੇ ਸਨ, ਪਰ ਉਸ ਵੇਲੇ ਕਾਂਗਰਸ ਅਤੇ ਹੋਰਨਾਂ ਬਿਲਾਂ ਦਾ ਵਿਰੋਧ ਕਰਨ ਵਾਲੇ ਵਾਕਆਊਟ ਕਰ ਗਏ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਵਿਰੋਧੀ ਰੌਲਾ ਪਾ ਰਹੇ ਹਨ ਕਿ ਅਕਾਲੀ ਦਲ ਨੇ ਖੇਤੀ ਬਿਲਾਂ ਉਪਰ ਯੂ ਟਰਨ ਲਿਆ ਹੈ ਪਰ ਅਕਾਲੀ ਦਲ ਦੇ ਤਾਂ ਬੈਕ ਗੇਅਰ ਹੀ ਨਹੀਂ ਹੈ।
ਉਧਰ ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਅਪਣੇ ਭਾਸ਼ਣ ਦੌਰਾਨ ਕਿਹਾ ਕਿ ਕਿਸਾਨੀ ਬਿਲ ਦੇ ਵਿਰੋਧ ਵਿਚ ਅਵਾਜ਼ ਬੁਲੰਦ ਕਰਨ ਵਾਲੀ ਪਾਰਟੀ ਵਜੋਂ ਇਕ ਵਾਰ ਫੇਰ ਅਕਾਲੀ ਦਲ ਨੂੰ ਮਾਣ ਹਾਸਲ ਹੋਇਆ ਹੈ ਕਿਉਂਕਿ ਕੇਂਦਰੀ ਵਜ਼ਾਰਤ ਵਿਚੋਂ ਅਸਤੀਫ਼ਾ ਦੇਣ ਦੀ ਦੇਰ ਸੀ ਕਿ ਪੂਰੇ ਦੇਸ਼ ਅੰਦਰ ਬਿਲਾਂ ਦਾ ਵਿਰੋਧ ਸ਼ੁਰੂ ਹੋਇਆ ਅਤੇ ਪਾਰਲੀਮੈਂਟ ਦੇ ਸੈਸ਼ਨ ਨੂੰ ਹਫ਼ਤਾ ਪਹਿਲਾਂ ਹੀ ਬੰਦ ਕਰਨਾ ਪਿਆ। ਉਨ੍ਹਾਂ ਭਾਜਪਾ ਸਰਕਾਰ ਨੂੰ ਅਸਿੱਧੇ ਢੰਗ ਨਾਲ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਨਸਾਫ਼image ਨਾ ਮਿਲਿਆ ਅਜੇ ਤਕ ਤਾਂ ਹੱਥ ਜੋੜਦੇ ਹਾਂ ਪਰ ਆਉਂਦੇ ਦਿਨਾਂ ਵਿਚ ਦਿੱਲੀ ਦੀਆਂ ਕੰਧਾਂ ਹਿਲਾ ਕੇ ਰੱਖ ਦਿਆਂਗੇ।