
ਪੰਜਾਬ ਦੀ ਕਿਸਾਨੀ ਤਬਾਹ ਕਰਨ 'ਤੇ ਤੁਲੇ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਦਾ ਖੇਤੀ ਨਾਲ ਕੋਈ ਵਾਸਤਾ ਨਹੀਂ : ਰੰਧਾਵਾ
'ਮੋਦੀ ਤੇ ਤੋਮਰ ਕੋਲ ਨਾ ਹੀ ਜ਼ਮੀਨ ਤੇ ਨਾ ਹੀ ਜ਼ਮੀਨੀ ਹਕੀਕਤਾਂ ਤੋਂ ਵਾਕਫ਼'
ਚੰਡੀਗੜ੍ਹ, 24 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਿਸਾਨੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਉਤੇ ਤੁਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਖੇਤੀਬਾੜੀ ਨਾਲ ਦੂਰ-ਦੂਰ ਤਕ ਸਰੋਕਾਰ ਨਹੀਂ।
ਸ. ਰੰਧਾਵਾ ਨੇ ਦੋਵੇਂ ਆਗੂਆਂ ਦੇ ਹਲਫ਼ੀਆਂ ਬਿਆਨਾਂ ਨੂੰ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਕੋਲ ਤਾਂ ਵਾਹੀਯੋਗ ਜ਼ਮੀਨ ਦਾ ਇਕ ਵੀ ਟੁਕੜਾ ਨਹੀਂ ਜਿਸ ਕਾਰਨ ਉਹ ਕਿਸਾਨੀ ਦਾ ਦਰਦ ਕਿਥੋਂ ਜਾਣ ਸਕਦੇ ਹਨ। ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਖੇਤੀਬਾੜੀ ਮੰਤਰੀ ਕੋਲ ਖੇਤੀ ਲਈ ਜ਼ਮੀਨ ਨਾ ਹੋਵੇ। ਹੁਣ ਤਕ ਗੁਰਦਿਆਲ ਸਿੰਘ ਢਿੱਲੋਂ, ਬਲਰਾਮ ਜਾਖੜ, ਚੌਧਰੀ ਦੇਵੀ ਲਾਲ, ਸੁਰਜੀਤ ਸਿੰਘ ਬਰਨਾਲਾ, ਸ਼ਰਦ ਪਵਾਰ ਜਿਹੇ ਆਗੂ ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ ਹਨ ਜਿਹੜੇ ਸਿਆਸਤਦਾਨ ਦੇ ਨਾਲ ਕਿਸਾਨ ਵੀ ਸਨ।
ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਨਾਲੋਂ ਵੱਧ ਗਿਲਾ ਸਾਨੂੰ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਉਪਰ ਹੈ ਜਿਸ ਨੇ ਕਿਸਾਨ ਪ੍ਰਵਾਰ ਦੀ ਧੀ ਹੋ ਕੇ ਕਿਸਾਨਾਂ ਦੇ 'ਡੈਥ ਵਾਰੰਟ' ਉਪਰ ਦਸਤਖ਼ਤ ਕਰ ਦਿਤੇ। ਆਰਡੀਨੈਂਸ ਪਾਸ ਕਰਨ ਵੇਲੇ ਹਰਸਿਮਰਤ ਕੇਂਦਰੀ ਕੈਬਨਿਟ ਵਿਚ ਸ਼ਾਮਲ ਸੀ ਅਤੇ ਉਸ ਦੀ ਸਹਿਮਤੀ ਨਾਲ ਹੀ ਇਹ ਪਾਸ ਹੋਇਆ। ਉਨ੍ਹਾਂ ਕਿਹਾ ਕਿ ਅੱਜ ਤਲਵੰਡੀ ਸਾਬੋ ਵਿਖੇ ਦਿੱਲੀ ਦੀਆਂ ਕੰਧਾਂ ਹਿਲਾਉਣ ਵਾਲੇ ਬਿਆਨ ਦੇਣ ਤੋਂ ਪਹਿਲਾਂ ਬਾਦਲ ਪ੍ਰਵਾਰ ਨੂੰ ਦਸਣਾ ਚਾਹੀਦਾ ਹੈ ਕਿ ਉਹ ਹਾਲੇ ਵੀ ਕੇਂਦਰ ਸਰਕਾਰ ਵਿਚ ਭਾਈਵਾਲ ਕਿਉਂ ਹਨ? ਉਨ੍ਹਾਂ ਕਿਹਾ ਕਿ ਕਿਸਾਨੀ ਪ੍ਰਵਾਰ ਦੇ ਆਗੂਆਂ ਵਲੋਂ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਦੀ ਇਸ ਕਾਰਵਾimageਈ ਨੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਤ ਕੀਤਾ ਹੈ।