
ਸਹੁਰਿਆਂ ਤੋਂ ਤੰਗ ਆਏ ਨੌਜਵਾਨ ਵਲੋਂ ਖ਼ੁਦਕੁਸ਼ੀ
ਪਤਨੀ ਤੇ ਸਹੁਰਿਆਂ 'ਤੇ ਮਾਮਲਾ ਦਰਜ
ਕਲਾਨੌਰ, 24 ਸਤੰਬਰ (ਗੁਰਦੇਵ ਸਿੰਘ ਰਜਾਦਾ) : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਦੋਸਤਪੁਰ ਵਿਖੇ ਇੱਕ ਨੌਜਵਾਨ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿਤੇ ਬਿਆਨ ਵਿਚ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਵਾਸੀ ਦੋਸਤਪੁਰ ਨੇ ਦਸਿਆ ਕਿ ਮੇਰੇ ਲੜਕੇ ਕਰਮਜੀਤ ਸਿੰਘ (35) ਦਾ ਵਿਆਹ ਤਕਰੀਬਨ 8 ਸਾਲ ਪਹਿਲਾਂ ਰਾਜਿੰਦਰ ਕੌਰ ਪੁੱਤਰੀ ਅਨੂਪ ਸਿੰਘ ਵਾਸੀ ਚੌਧਰੀਵਾਲ ਨਾਲ ਹੋਇਆ ਸੀ ਅਤੇ ਇਨ੍ਹਾਂ ਦੀ ਇਕ ਲੜਕੀ ਸਾਹਿਬਜੀਤ ਕੌਰ ਸਾਲ (4) ਦੀ ਹੈ। ਉਨ੍ਹਾਂ ਦਸਿਆ ਕਿ ਕੁਝ ਸਮੇਂ ਬਾਅਦ ਮ੍ਰਿਤਕ ਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਰਾਜਿੰਦਰ ਕੋਰ ਵਿਚ ਘਰੇਲੂ ਝਗੜਾ ਰਹਿਣ ਲੱਗ ਪਿਆ ਅਤੇ ਇਨ੍ਹਾਂ ਦੇ ਝਗੜੇ ਵਿਚ ਉਸ ਦੀ ਸੱਸ-ਸਹੁਰਾ ਦਖ਼ਲਅੰਦਾਜ਼ੀ ਕਰਨ ਲੱਗ ਪਿਆ, ਜਿਸ ਕਾਰਨ ਮੇਰਾ ਲੜਕਾ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚਲਦਿਆਂ ਉਸ ਦੇ ਲੜਕੇ ਨੇ ਘਰ ਵਿਚ ਪਈ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਤੁਰਤ ਕਲਾਨੌਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਿਲਸ ਥਾਣਾ ਕਲਾਨੌਰ ਦੇ ਏਐਸਆਈ ਹਰਮਿੰਦਰ ਸਿੰਘ ਵਲੋਂ ਤਫ਼ਤੀਸ਼ ਕਰਨ ਤੋਂ ਬਾਅਦ ਮ੍ਰਿਤਕ ਦੀ ਪਤਨੀ ਰਾਜਿੰਦਰ ਕੌਰ ਸਹੁਰਾ ਅਨੂਪ ਸਿੰਘ ਅਤੇ ਸੱਸ ਬਲਵਿੰਦਰ ਕੌਰ ਵਿਰੁਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।