
ਰੋਹਿਣੀ ਅਦਾਲਤ ਵਿਚ ਵਕੀਲ ਬਣ ਕੇ ਆਏ ਦੋ ਬਦਮਾਸ਼ਾਂ ਨੇ ਜੱਜ ਦੇ ਸਾਹਮਣੇ ਹੀ ਗੈਂਗਸਟਰ ਗੋਗੀ ਦਾ ਕੀਤਾ ਕਤਲ
ਨਵੀਂ ਦਿੱਲੀ, 24 ਸਤੰਬਰ : ਰੋਹਿਣੀ ਅਦਾਲਤ 'ਚ ਦੋ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਮੋਸਟ ਵਾਂਟੇਡ ਗੈਂਗਸਟਰ ਜਤਿੰਦਰ ਮਾਨ ਉਰਫ਼ ਗੋਗੀ ਨੂੰ ਮਾਰ ਦਿਤਾ | ਵਾਰਦਾਤ ਸਮੇਂ ਉਸ ਨੂੰ ਅਦਾਲਤ ਰੂਮ 'ਚ ਪੇਸ਼ੀ ਲਈ ਲਿਆਂਦਾ ਗਿਆ ਸੀ | ਇਕ ਵਕੀਲ ਨੇ ਦਸਿਆ ਕਿ ਅਦਾਲਤ ਰੂਮ 'ਚ ਘਟਨਾ ਦੇ ਸਮੇਂ 15 ਤੋਂ 17 ਲੋਕ ਮੌਜੂਦ ਸਨ ਅਤੇ ਜੱਜ ਗਗਨਦੀਪ ਸਿੰਘ ਦੇ ਸਾਹਮਣੇ ਬਦਮਾਸ਼ਾਂ ਨੇ ਜਤਿੰਦਰ ਮਾਨ ਉਰਫ਼ ਗੋਗੀ 'ਤੇ ਤਾਬੜਤੋੜ ਗੋਲੀਆਂ ਚਲਾਈਆਂ | ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਗੋਲੀ ਚਲਾਈ, ਜਿਸ 'ਚ ਦੋਵੇਂ ਹਮਲਾਵਰਾਂ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਤਿੰਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ | ਮੌਕੇ 'ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚ ਕੇ ਜਾਂਚ ਕਰ ਰਹੇ ਹਨ | ਅਦਾਲਤ ਦੀ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ |
ਜਾਣਕਾਰੀ ਅਨੁਸਾਰ, ਰੋਹਿਣੀ ਅਦਾਲਤ ਰੂਮ 207 'ਚ ਐਨਡੀਪੀਐਸ ਦੇ ਇਕ ਮਾਮਲੇ 'ਚ ਜਤਿੰਦਰ ਗੋਗੀ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ | ਇਸ ਅਦਾਲਤ 'ਚ ਐਨਡੀਪੀਐਸ ਨਾਲ ਜੁੜੇ ਮਾਮਲੇ ਦੀ ਸੁਣਵਾਈ ਹੁੰਦੀ ਹੈ |
ਅਦਾਲਤ 'ਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਕਿ ਵਕੀਲ ਬਣ ਕੇ ਆਏ ਦੋ ਹਮਲਾਵਰਾਂ ਨੇ ਗੋਗੀ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿਤੀ | ਦਸਿਆ ਜਾਂਦਾ ਹੈ ਕਿ ਗੋਗੀ ਨੂੰ ਤਿੰਨ ਗੋਲ਼ੀਆਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਮੁਤਾਬਕ, ਤਜਿੰਦਰ ਮਾਨ ਉਰਫ਼ ਗੋਗੀ, ਜਿਸ 'ਤੇ 6.5 ਲੱਖ ਰੁਪਏ ਦਾ ਇਨਾਮ ਸੀ, ਨੂੰ ਉਸ ਦੇ ਤਿੰਲ ਸਾਥੀਆਂ ਸਮੇਤ ਪਿਛਲੇ ਸਾਲ ਮਾਰਚ 'ਚ ਸਪੇਸ਼ਲ ਸੈੱਲ ਦੀ ਇਕ ਟੀਮ ਨੇ ਗੁੜਗਾਵਾਂ ਤੋਂ ਗਿ੍ਫ਼ਤਾਰ ਕੀਤਾ ਸੀ |
ਦਿੱਲੀ ਪੁਲਿਸ ਦੇ ਬੁਲਾਰੇ ਚਿਨਮਇਆ ਬਿਸਵਾਲ ਨੇ ਕਿਹਾ ਕਿ ਦੋਵੇਂ ਹਮਲਾਵਰ ਦਿੱਲੀ ਦੋ ਮੋਸਟ ਵਾਂਟੇਡਾਂ 'ਚੋਂ ਇਕ ਵਿਚਾਰ ਅਧੀਨ ਕੈਦੀ ਗੋਗੀ ਦੇ ਨਾਲ ਮਾਰੇ ਗਏ | ਉਨ੍ਹਾਂ ਕਿਹਾ ਕਿ, ਪੁਲਿਸ ਟੀਮ ਨੇ ਦੋਵ ਹਮਲਾਵਰਾਂ 'ਤੇ ਜਵਾਬੀ ਕਾਵਰਾਈ ਸ਼ੁਰੂ ਕੀਤੀ, ਜੋ ਵਕੀਲਾਂ ਦੇ ਪੋਸ਼ਾਕ 'ਚ ਸਨ ਅਤੇ ਗੋਗੀ 'ਤੇ ਹਮਲਾ ਕੀਤਾ ਸੀ | ਉਨ੍ਹਾਂ ਕਿਹਾ ਕਿ ਸੰਯੁਕਤ ਪੁਲਿਸ ਕਮਿਸ਼ਨਰ (ਉੱਤਰੀ ਰੇਂਜ) ਘਟਨਾ ਦੀ ਜਾਂਚ ਕਰਨਗੇ ਅਤੇ ਰਿਪੋਰਟ ਸੌਂਪਣਗੇ | ਗੈਂਗਸਟਰ ਗੋਗੀ ਦਾ ਕਤਲ ਕਰਨ ਵਾਲਿਆਂ ਦੀ ਪਛਾਣ ਯੂਪੀ ਦੇ ਬਾਗਪਤ ਦੇ ਰਾਹੁਲ ਫਫੂੰਦੀ ਅਤੇ ਦਿੱਲੀ ਦੇ ਬੱਕਰਵਾਲਾ ਨਿਵਾਸੀ ਮੌਰਿਸ ਦੇ ਤੌਰ 'ਤੇ ਹੋਈ | ਦੋਵੇਂ ਗੈਂਗਸਟਰ ਸੁਨੀਲ ਮਾਨ ਉਰਫ਼ ਟਿੱਲੂ ਦੇ ਗੁਰਗੇ ਸਨ | ਟਿੱਲੂ ਦੀ 11 ਸਾਲਾਂ ਤੋਂ ਗੋਗੀ ਨਾਲ ਰੰਜਿਸ਼ ਸੀ |
ਵਕੀਲਾਂ ਵਲੋਂ ਜਾਂਚ ਦੀ ਮੰਗ, ਕੰਮ ਦੇ ਬਾਈਕਾਟ ਦਾ ਕੀਤਾ ਐਲਾਨ
ਦਿੱਲੀ ਦੀ ਰੋਹਿਣੀ ਅਦਾਲਤ ਵਿਚ ਸ਼ੁਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਵਕੀਲ ਸੰਗਠਨਾਂ ਨੇ ਜਾਂਚ ਦੀ ਮੰਗ ਕੀਤੀ ਅਤੇ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ ਸੱਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਸੁਰੱਖਿਆ ਵਿਵਸਥਾ ਦੀ ਮੁੜ ਸਮੀਖਿਆ ਕੀਤੇ ਜਾਣ ਦੀ ਮੰਗ ਦੇ ਨਾਲ ਸਨਿਚਰਵਾਰ ਨੂੰ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ | ਦਿੱਲੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤ ਬਾਰ ਐਸੋਸੀਏਸਨਾਂ ਦੀ ਤਾਲਮੇਲ ਕਮੇਟੀ ਨੇ ਸਨਿਚਰਵਾਰ ਨੂੰ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਅੱਗੇ ਦੇ ਕਦਮਾਂ ਨੂੰ ਲੈ ਕੇ ਸੋਮਵਾਰ ਨੂੰ ਹੋਣ ਵਾਲੀ ਬੈਠਕ ਵਿਚ ਫ਼ੈਸਲਾ ਕਰਨਗੇ | ਦਿੱਲੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਐੱਨ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿਤਾ ਅਤੇ ਕਿਹਾ ਕਿ ਪੁਲਿਸ ਅਪਣੀ ਡਿਊਟੀ ਨਿਭਾਉਣ ਵਿਚ 'ਲਾਪਰਵਾਹ' ਰਹੀ |
ਹਮਲਾਵਰਾਂ ਨੂੰ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਇਨਾਮ
ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦਸਿਆ ਕਿ ਦੋਵੇਂ ਬਦਮਾਸ਼ਾਂ ਨੇ ਰੋਹਿਣੀ ਅਦਾਲਤ 'ਚ ਗੈਂਗਸਟਰ ਜਤਿੰਦਰ ਗੋਗੀ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਲੱਗੇ | ਪੁਲਿਸ ਨੇ ਦੋਵੇਂ ਹਮਲਾਵਰਾਂ ਨੂੰ ਮਾਰ ਦਿਤਾ | ਹਮਲਾਵਰਾਂ ਨੂੰ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ 50-50 ਹਜ਼ਾਰ ਰੁਪਏ ਬਤੌਰ ਇਨਾਮ ਦਿਤਾ ਜਾਵੇਗਾ | (ਏਜੰਸੀ)