
ਜਾਖੜ ਦੀ ਕਾਂਗਰਸ ਪਾਰਟੀ ਨਾਲ ਨਰਾਜ਼ਗੀ ਹੋਈ ਖ਼ਤਮ
ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਨੂੰ ਦਸਿਆ ਦਲੇਰਾਨਾ
ਚੰਡੀਗੜ੍ਹ, 24 ਸਤੰਬਰ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਵਜੋਂ ਨਾਂ ਸਾਹਮਣੇ ਆਉਣ ਦੀ ਚਰਚਾ ਬਾਅਦ ਆਖ਼ਰੀ ਸਮੇਂ ਹਾਈਕਮਾਨ ਦੇ ਫ਼ੈਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਹੁਣ ਨਰਾਜ਼ਗੀ ਖ਼ਤਮ ਹੋ ਗਈ ਹੈ | ਉਨ੍ਹਾਂ ਨਾਲ ਰਾਹੁਲ ਗਾਂਧੀ ਨੇ ਅੱਜ ਲਗਭਗ ਇਕ ਘੰਟਾ ਗੱਲਬਾਤ ਕਰ ਕੇ ਜਿਥੇ ਉਨ੍ਹਾਂ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਰਾਏ ਲਈ ਉਥੇ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਵਿਚ ਸ਼ਾਮਲ ਨਾਵਾਂ ਬਾਰੇ ਵੀ ਸਲਾਹ ਲਈ ਹੈ |
ਜਾਖੜ ਨੂੰ ਅਹਿਸਾਸ ਕਰਵਾਇਆ ਗਿਆ ਕਿ ਪਾਰਟੀ ਵਿਚ ਉਨ੍ਹਾਂ ਦਾ ਸਥਾਨ ਅੱਜ ਵੀ ਬਹੁਤ ਅਹਿਮ ਹੈ | ਇਸੇ ਦੌਰਾਨ ਸੁਨੀਲ ਜਾਖੜ ਨੇ ਟਵੀਟ ਰਾਹੀਂ ਇਕ ਬਿਆਨ ਜਾਰੀ ਕਰਦਿਆਂ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਏ ਜਾਣ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹਾਈਕਮਾਨ ਦਾ ਇਕ ਦਲੇਰਾਨਾ ਫ਼ੈਸਲਾ ਹੈ | ਬਹੁਤ ਮੁਸ਼ਕਲ ਸ਼ੀਸ਼ੇ ਦੀ ਛੱਤ ਤੋੜੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪੰਜਾਬ ਦੀ ਰਾਜਨੀਤੀ ਹੀ ਨਹੀਂ ਬਲਕਿ ਸਮਾਜਕ ਤਾਣੇ ਬਾਣੇ ਉਪਰ ਵੀ ਅਹਿਮ ਪ੍ਰਭਾਵ ਪਵੇਗਾ | ਸਮਾਜਕ ਵਿਤਕਰੇ ਦੀਆਂ ਰੁਕਾਵਟਾਂ ਤੋੜੀਆਂ ਗਈਆਂ ਹਨ | ਜਾਖੜ ਨੇ ਕਿਹਾ ਕਿ ਕੁੱਝ ਲੋਕ ਵੰਡੀਆਂ ਪਾ ਕੇ ਜਾਣ ਬੁਝ ਕੇ ਭਾਈਚਾਰਕ ਮਾਹੌਲ ਖ਼ਰਾਬ ਕਰਨ ਦੇ ਯਤਨ ਕਰ ਰਹੇ ਹਨ | ਉਨ੍ਹਾਂ ਵਿਰੋਧੀਆਂ ਦੀ ਬਿਆਨਬਾਜ਼ੀ ਦੀ ਵੀ ਨਿੰਦਾ ਕੀਤੀ ਹੈ |