
ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸੁਤੰਤਰ, ਖੁਲ੍ਹੇ ਹਿੰਦ-ਪ੍ਰਸ਼ਾਂਤ ਲਈ ਵਚਨਬੱਧਤਾ ਪ੍ਰਗਟਾਈ
ਚੀਨ ਸਾਗਰ ’ਚ ਸਥਿਤੀ ਨੂੰ ਬਦਲਣ ਦਾ ਕੀਤਾ
ਵਾਸ਼ਿੰਗਟਨ, 24 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਯੋਸੀਹਿਦੇ ਸੁਗਾ ਨਾਲ ਅਮਰੀਕਾ ਵਿਚ ਮੁਲਾਕਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਬਹੁਪੱਖੀ ਦੋ-ਪੱਖੀ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਅਫ਼ਗ਼ਾਨਿਸਤਾਨ ਸਮੇਤ ਹਾਲੀਆ ਵਿਸ਼ਵਵਿਆਪੀ ਘਟਨਾਵਾਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਹੋਣ ਜਾ ਰਹੀ ਕਵਾਡ ਦੀ ਪਹਿਲੀ ਬੈਠਕ ਤੋਂ ਪਹਿਲਾਂ ਮੋਦੀ ਅਤੇ ਸੁਗਾ ਨੇ ਸੁਤੰਤਰ, ਖੁਲ੍ਹੇ ਅਤੇ ਮਿਲੇ ਜੁਲੇ ਹਿੰਦ ਪ੍ਰਸ਼ਾਂਤ ਖੇਤਰ ਲਈ ਅਪਣੀ ਵਚਨਬੱਧਤਾ ਦੀ ਇਕ ਵਾਰ ਪੁਸ਼ਟੀ ਕੀਤੀ।
ਜਾਪਾਨ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਦੇ ਅਨੁਸਾਰ ਵੀਰਵਾਰ ਨੂੰ ਹੋਈ ਬੈਠਕ ਵਿਚ, ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਦੋ ਪੱਖੀ ਸੁਰੱਖਿਆ ਅਤੇ ਰਖਿਆ ਉਪਕਰਨ ਅਤੇ ਟੈਕਨਾਲੌਜੀ ਸਮੇਤ ਰਖਿਆ ਸਹਿਯੋਗ ਵਧਾਉਣ ਉੱਤੇ ਸਹਿਮਤੀ ਜਤਾਈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਲਾਂ ਤੋਂ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵਵਿਆਪੀ ਭਾਈਵਾਲੀ ਨੂੰ ਅੱਗੇ ਲਿਜਾਣ ਲਈ ਅਪਣੀ ਨਿਜੀ ਵਚਨਬੱਧਤਾ ਲਈ ਸੁਗਾ ਦਾ ਧਨਵਾਦ ਕੀਤਾ।
ਜਾਪਾਨੀ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਦੋਨਾਂ ਨੇਤਾਵਾਂ ਨੇ ਪੂਰਬੀ ਅਤੇ ਦਖਣੀ ਚੀਨ ਸਾਗਰ ’ਚ ਆਰਥਕ ਦਬਾਅ ਅਤੇ ਸਥਿਤੀ ਨੂੰ ਜ਼ਬਰਦਸਤੀ ਬਦਲਣ ਦੀਆਂ ਇਕਤਰਫ਼ਾ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕੀਤਾ।’’
ਅਪਣੇ ਜਾਪਾਨੀ ਹਮਰੁਤਬਾ ਨੂੰ ਮਿਲਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, “ਜਾਪਾਨ ਭਾਰਤ ਦੇ ਸੱਭ ਤੋਂ ਕੀਮਤੀ ਭਾਈਵਾਲਾਂ ਵਿਚੋਂ ਇਕ ਹੈ। ਮੇਰੀ ਪ੍ਰਧਾਨ ਮੰਤਰੀ ਯੋਸੀਹਿਦੇ ਸੁਗਾ ਨਾਲ ਵੱਖ-ਵੱਖ ਵਿਸ਼ਿਆਂ ’ਤੇ ਸ਼ਾਨਦਾਰ ਮੁਲਾਕਾਤ ਹੋਈ, ਜੋ ਸਾਡੇ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਅੱਗੇ ਵਧਾਏਗੀ। ਇਕ ਮਜਬੂਤ ਭਾਰਤ-ਜਾਪਾਨ ਦੋਸਤੀ ਪੂਰੀ ਦੁਨੀਆ ਲਈ ਸ਼ੁੱਭ ਹੈ।’ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਯੋਸੀਹਿਦੇ ਸੁਗਾ ਦੀ ਵਾਸ਼ਿੰਗਟਨ ਵਿਚ ਇਕ ਸਫ਼ਲ ਮੁਲਾਕਾਤ ਹੋਈ। (ਏਜੰਸੀ)