
ਬਰਗਾੜੀ ਮੋਰਚੇ ਦੇ 86ਵੇਂ ਦਿਨ 83ਵੇਂ ਜਥੇ ਵਿਚ ਸ਼ਾਮਲ 50 ਸਿੰਘਾਂ ਨੇ ਦਿਤੀ ਗਿ੍ਰਫ਼ਤਾਰੀ
ਕੋਟਕਪੂਰਾ, 24 ਸਤੰਬਰ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਅਤੇ ਇਨਸਾਫ਼ ਮੰਗਦੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਵਾਲੇ ਮਾਮਲਿਆਂ ’ਚ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਵਲੋਂ 1 ਜੁਲਾਈ ਤੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ 86ਵੇਂ ਦਿਨ ਵੱਖ ਵੱਖ ਇਲਾਕਿਆਂ ਤੋਂ ਪੁੱਜੇ 83ਵੇਂ ਜਥੇ ’ਚ ਸ਼ਾਮਲ 50 ਸਿੰਘਾਂ ਨੇ ਗਿ੍ਰਫ਼ਤਾਰੀ ਦਿਤੀ।
ਉਕਤ ਸਿੰਘਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕਰਨ ਉਪਰੰਤ ਅਪਣੇ ਸੰਬੋਧਨ ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ 11 ਅਤੇ 12 ਅਕਤੂਬਰ ਨੂੰ ਦੁਨੀਆਂ ਭਰ ਦੇ ਗੁਰਦਵਾਰਿਆਂ ’ਚ ਸੰਗਤਾਂ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਗੀਆਂ ਤੇ 14 ਅਕਤੂਬਰ ਨੂੰ ਬਾਦਲ ਸਰਕਾਰ ਦੀ ਪੁਲਿਸ ਵਲੋਂ ਸ਼ਹੀਦ ਕੀਤੇ ਗਏ ਦੋ ਸਿੱਖ ਨੌਜਵਾਨਾਂ ਦੀ ਗੁਰਦਵਾਰਾ ਟਿੱਬੀ ਸਾਹਿਬ ਬਹਿਬਲ ਕਲਾਂ ਵਿਖੇ ਬਰਸੀ ਦੇ ਸਬੰਧ ’ਚ ਵੱਡਾ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ ਜਿਸ ਵਿਚ ਦੇਸ਼-ਵਿਦੇਸ਼ ਤੋਂ ਵੱਖ ਵੱਖ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਦੇ ਨੁਮਾਇੰਦੇ, ਉੱਘੇ ਪ੍ਰਚਾਰਕ, ਰਾਗੀ-ਢਾਡੀ ਤੇ ਪੰਥਦਰਦੀ ਭਰਵੀਂ ਸ਼ਮੂਲੀਅਤ ਕਰਨਗੇ। ਸਿਮਰਨਜੀਤ ਸਿੰਘ ਮਾਨ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨਾਲ ਹੋ ਰਹੀ ਵਿਤਕਰੇਬਾਜ਼ੀ ਅਤੇ ਮੌਜੂਦਾ ਸਮੇਂ ’ਚ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਜ਼ਿਆਦਤੀ ਦਾ ਅੰਕੜਿਆਂ ਸਹਿਤ ਦਲੀਲਾਂ ਨਾਲ ਵਰਣਨ ਕੀਤਾ।
ਅਰਦਾਸ-ਬੇਨਤੀ ਕਰਨ ਉਪਰੰਤ 50 ਸਿੰਘਾਂ ਦੀ ਅਗਵਾਈ ਵਿਚ ਇਕ ਜੱਥਾ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਕਾਫ਼ਲੇ ਦੇ ਰੂਪ ਵਿਚ ਰੋਸ ਮਾਰਚ ਕਰਦਿਆਂ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿਤ ਮੋਰਚੇ ਵਾਲੇ ਸਥਾਨ ਨੇੜੇ ਪੁੱਜਾ ਜਿਥੇ ਅਕਾਸ਼ ਗੁੰਜਾਊ ਜੈਕਾਰਿਆਂ ਅਤੇ ਨਾਹਰਿਆਂ ਨਾਲ ਗਿ੍ਰਫ਼ਤਾਰੀ ਦਿਤੀ।