
ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ 'ਝੂਠ ਦੀ ਬੀਮਾਰੀ' ਤੋਂ ਲੰਮੇ ਸਮੇਂ ਤੋਂ ਪੀੜਤ ਦਸਿਆ
ਕਿਹਾ, ਇਹ ਪਾਰਟੀਆਂ ਸਰਕਾਰ ਦੇ ਹਰ ਲੋਕਪੱਖੀ ਕਦਮ ਦੀ ਆਲੋਚਨਾ ਕਰਨ ਦੀਆਂ ਆਦੀ
ਕੋਟਕਪੂਰਾ, 24 ਸਤੰਬਰ (ਗੁਰਿੰਦਰ ਸਿੰਘ) : ਵਿਰੋਧੀਆਂ ਪਾਰਟੀਆਂ ਨੂੰ ਲੰਮੇ ਸਮੇਂ ਤੋਂ ਝੂਠ ਦੀ ਬੀਮਾਰੀ ਤੋਂ ਪੀੜਤ ਦਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਫ਼ਰੀਦਕੋਟ ਵਿਖੇ ਹਾਜ਼ਰੀ ਭਰਦਿਆਂ ਆਖਿਆ ਕਿ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਇਨ੍ਹਾਂ ਪਾਰਟੀਆਂ ਦੇ ਆਗੂ ਸੂਬਾ ਸਰਕਾਰ ਦੇ ਹਰ ਲੋਕਪੱਖੀ ਕਦਮ 'ਚ ਗ਼ਲਤੀਆਂ ਕੱਢਣ ਦੇ ਆਦੀ ਹੋ ਚੁੱਕੇ ਹਨ |
ਗੁਰਦਵਾਰਾ ਸਾਹਿਬ ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਅਕੀਦਤ ਭੇਟ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਕੋਲ ਸੂਬਾ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕੀਤੇ ਫ਼ੈਸਲਿਆਂ ਦੀ ਆਲੋਚਨਾ ਕਰਨ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ | ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਹੋਛੇ ਹਥਕੰਡਿਆਂ ਕਾਰਨ ਰਾਜ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਦੇ ਕੰਮ ਤੋਂ ਪਿੱਛੇ ਨਹੀਂ ਹਟੇਗੀ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਨੂੰ ਭਿ੍ਸ਼ਟਾਚਾਰ, ਨਸ਼ਿਆਂ, ਬੇਰੋਜ਼ਗਾਰੀ ਅਤੇ ਹੋਰ ਅਲਾਮਤਾਂ ਤੋਂ ਮੁਕਤ ਕਰਨ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ | ਉਨ੍ਹਾਂ ਇਸ ਲੋਕ ਭਲਾਈ ਦੇ ਕਾਰਜ ਲਈ ਲੋਕਾਂ ਨੂੰ ਪੂਰਾ ਸਹਿਯੋਗ ਤੇ ਤਾਲਮੇਲ ਦੀ ਅਪੀਲ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਸ ਵੱਡੇ ਕਾਰਜ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ | ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਅਪਣੀਆਂ ਜੜ੍ਹਾਂ ਡੂੰਘੀਆਂ ਕਰ ਚੁੱਕੀਆਂ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਲਈ ਸੂਬਾ ਸਰਕਾਰ ਦਾ ਪੂਰਾ ਢਾਂਚਾ ਲੋਕਾਂ ਨਾਲ ਹੈ |
ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਨ੍ਹਾਂ ਭਿ੍ਸ਼ਟ ਲੀਡਰਾਂ ਤੋਂ ਇਕ-ਇਕ ਪੈਸਾ ਵਾਪਸ ਕਰਵਾ ਕੇ ਇਸ ਨੂੰ ਲੋਕ ਭਲਾਈ ਲਈ ਵਰਤੇਗੀ | ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਤਰਕਸੰਗਤ ਵਰਤੋਂ ਯਕੀਨੀ ਬਣਾਉਣ ਲਈ ਸਰਕਾਰ ਨੇ 'ਇਕ ਵਿਧਾਇਕ-ਇਕ ਪੈਨਸ਼ਨ' ਵਰਗਾ ਇਤਿਹਾਸਕ ਕਦਮ ਚੁਕਿਆ ਹੈ | ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਮਿਆਰੀ ਸਿਹਤ ਸੇਵਾਵਾਂ ਮੁਹਈਆ ਕਰਨ ਲਈ ਸੂਬੇ ਭਰ 'ਚ 100 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ | ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿਚ ਖੇਡ ਸਭਿਆਚਾਰ ਨੂੰ ਵਿਕਸਤ ਕਰਨ ਲਈ ਸੂਬਾ ਸਰਕਾਰ 'ਖੇਡਾਂ ਵਤਨ ਪੰਜਾਬ ਦੀਆਂ' ਕਰਵਾ ਰਹੀ ਹੈ |
ਮੇਲਿਆਂ ਨੂੰ ਪੰਜਾਬ ਦੀ ਰਵਾਇਤ ਦਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ
ਲਈ ਮੇਲਿਆਂ ਦੀ ਰਵਾਇਤ ਨੂੰ ਜ਼ਰੂਰ ਜਿਊਾਦਾ ਰਖਿਆ ਜਾਵੇਗਾ | ਬਾਬਾ ਸ਼ੇਖ ਫ਼ਰੀਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਹਾਨ ਰੂਹਾਨੀ ਸਫ਼ੀਰ, ਕਵੀ, ਪੈਗੰਬਰ ਤੇ ਭਾਰਤ 'ਚ ਸੂਫ਼ੀ ਵਿਚਾਰਧਾਰਾ ਦੇ ਬਾਨੀ ਦਸਦਿਆਂ ਆਖਿਆ ਕਿ ਬਾਬਾ ਜੀ ਦਾ ਮਾਨਵਤਾਵਾਦੀ ਦਰਸ਼ਨ ਤੇ ਰੂਹਾਨੀਅਤ, ਪਿਆਰ, ਹਮਦਰਦੀ, ਬਰਾਬਰੀ, ਨਿਮਰਤਾ, ਭਾਈਚਾਰੇ ਤੇ ਆਜ਼ਾਦੀ ਦੇ ਸਿਧਾਂਤਾਂ ਦੀ ਸਰਬਉੱਚਤਾ ਅਤੇ ਵਿਆਪਕਤਾ 'ਤੇ ਆਧਾਰਤ ਹੈ | ਭਗਵੰਤ ਮਾਨ ਨੇ ਅੱਗੇ ਕਿਹਾ ਕਿ ਬਾਬਾ ਫ਼ਰੀਦ ਜੀ ਦਾ ਜੀਵਨ ਤੇ ਫਲਸਫ਼ਾ ਅਜੋਕੇ ਪਦਾਰਥਵਾਦੀ ਸਮਾਜ 'ਚ ਬਹੁਤ ਜ਼ਿਆਦਾ ਪ੍ਰਸੰਗਕ ਹੈ | ਭਗਵੰਤ ਮਾਨ ਨੇ ਐਲਾਨ ਕੀਤਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਵਿਕਾਸ ਨੂੰ ਵੱਡੀ ਗਤੀ ਦੇਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹੇ 'ਚ ਪੁੱਜਣ 'ਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ | ਉਨ੍ਹਾਂ ਸੂਬੇ ਦਾ ਵੱਡੇ ਪੱਧਰ 'ਤੇ ਵਿਕਾਸ ਯਕੀਨੀ ਬਣਾਉਣ ਲਈ ਕਈ ਮਿਸਾਲੀ ਪਹਿਲਕਦਮੀਆਂ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ |
ਅਪਣੇ ਸੰਬੋਧਨ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸ਼ੁਭ ਮੌਕੇ 'ਤੇ ਲੋਕਾਂ ਨੂੰ ਵਧਾਈ ਦਿਤੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ | ਇਸ ਮੌਕੇ ਮੁੱਖ ਮੰਤਰੀ ਨੇ ਫ਼ਰੀਦਕੋਟ ਜ਼ਿਲ੍ਹੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ | ਸਮਾਗਮ ਦੌਰਾਨ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਅਮੋਲਕ ਸਿੰਘ ਜੈਤੋ, ਰਣਬੀਰ ਸਿੰਘ ਭੁੱਲਰ ਤੇ ਕਾਕਾ ਬਰਾੜ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਆਦਿ ਵੀ ਹਾਜ਼ਰ ਸਨ |
ਫੋਟੋ :- ਕੇ.ਕੇ.ਪੀ.-ਗੁਰਿੰਦਰ-24-2ਬੀ, 2ਸੀ