
ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦੱਸਿਆ ਕਤਲ
ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਸ਼ਨੀਵਾਰ ਰਾਤ ਨੂੰ ਇਕ ਡੈਂਟਲ ਕਾਲਜ ਦੀ ਛੱਤ 'ਤੇ ਬਣੀ ਪਾਣੀ ਦੀ ਟੈਂਕੀ 'ਚੋਂ ਵਾਰਡਨ ਦੀ ਲਾਸ਼ ਬਰਾਮਦ ਹੋਈ। ਵਾਰਡਨ ਸ਼ਾਮ ਤੋਂ ਲਾਪਤਾ ਸੀ। ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ ਪਰ ਜਿਵੇਂ ਹੀ ਵਾਰਡਨ ਦਾ ਲੜਕਾ ਅਤੇ ਹੋਰ ਵਿਦਿਆਰਥੀ ਪਾਣੀ ਵਾਲੀ ਟੈਂਕੀ ਦੇ ਨੇੜੇ ਪਹੁੰਚੇ ਤਾਂ ਅਚਾਨਕ ਟੈਂਕੀ ਵਿਚ ਨਜ਼ਰ ਪਈ।
ਵਾਡਰਨ ਦੀ ਲਾਸ਼ ਟੈਂਕੀ ਵਿੱਚ ਪਈ ਦੇਖ ਕੇ ਉਹ ਦੰਗ ਰਹਿ ਗਏ। ਵਿਦਿਆਰਥੀਆਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਮਰਨ ਵਾਲੇ ਵਾਰਡਨ ਦੀ ਪਛਾਣ ਬੀਰ ਸਿੰਘ ਵਜੋਂ ਹੋਈ ਹੈ। ਲਾਸ਼ ਨੂੰ ਬਾਹਰ ਕੱਢਣ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੇਰ ਰਾਤ ਮੋਤੀ ਨਗਰ ਥਾਣਾ ਇੰਚਾਰਜ ਸੰਜੀਵ ਕਪੂਰ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਅੱਜ ਵਾਰਡਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਅਨੁਸਾਰ ਮੌਕੇ ’ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਹੋ ਜਾਵੇਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵਿਦਿਆਰਥੀਆਂ ਨੇ ਇਸ ਮਾਮਲੇ ਨੂੰ ਕਤਲ ਕਰਾਰ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਲਾਸ਼ ਮਿਲਣ ਤੋਂ ਬਾਅਦ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਦੇ ਦਖਲ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਹੈ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਬੀਰ ਸਿੰਘ ਨੂੰ ਕਾਲਜ 'ਚੋਂ ਜ਼ਬਰਦਸਤੀ ਕੱਢਿਆ ਜਾ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।
ਬੀਰ ਸਿੰਘ ਲਾਇਬ੍ਰੇਰੀਅਨ ਸਨ। ਉਸ ਨੂੰ ਸਹਾਇਕ ਲਾਇਬ੍ਰੇਰੀਅਨ ਬਣਾ ਦਿੱਤਾ ਗਿਆ। ਬੀਰ ਸਿੰਘ ਨੇ ਆਪਣਾ ਸਾਰਾ ਜੀਵਨ ਇਸ ਕਾਲਜ ਵਿੱਚ ਕੰਮ ਕਰਦਿਆਂ ਬਿਤਾਇਆ ਹੈ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਾਲਜ ਦੇ ਕੁਝ ਅਹੁਦੇਦਾਰਾਂ ਅਤੇ ਪ੍ਰਬੰਧਕਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਵਾਰਡਨ ਦੇ ਕਤਲ ਕੇਸ ਵਿੱਚ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਵਿੱਢਿਆ ਜਾ ਸਕਦਾ ਹੈ। ਬਾਕੀ ਪੁਲਿਸ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ।