
ਭਾਰਤੀ ਅਤੇ ਅਮਰੀਕੀ ਜਲ ਸੈਨਾਵਾਂ ਨੇ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ
ਨਵੀਂ ਦਿੱਲੀ, 24 ਸਤੰਬਰ: ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਅਮਰੀਕਾ ਦੇ ਅਪਣੇ ਚਾਰ ਦਿਨਾਂ ਦੌਰੇ ਦੌਰਾਨ ਤੇਜ਼ੀ ਨਾਲ ਵਧ ਰਹੀ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਵਿਚ ਦੁਵੱਲੇ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ਨੂੰ ਉਜਾਗਰ ਕੀਤਾ | ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ |
ਜਲ ਸੈਨਾ ਮੁਖੀ ਨੇ 25ਵੇਂ ਇੰਟਰਨੈਸ਼ਨਲ ਸੀ ਪਾਵਰ ਸਿੰਪੋਜ਼ੀਅਮ (ਆਈ.ਐਸ.ਐਸ.) 'ਚ ਹਿੱਸਾ ਲੈਣ ਲਈ 19 ਤੋਂ 22 ਸਤੰਬਰ ਤਕ ਅਮਰੀਕਾ ਦਾ ਦੌਰਾ ਕੀਤਾ | ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ''ਨੇਵਲ ਮੁਖੀ ਦੀ ਅਮਰੀਕਾ ਯਾਤਰਾ ਨੇ ਜਲ ਸੈਨਾ ਨੂੰ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਵੱਖੋ-ਵੱਖ ਭਾਈਵਾਲਾਂ ਨਾਲ ਸਾਂਝੇਦਾਰੀ ਕਰਨ ਲਈ ਉੱਚ ਪੱਧਰ 'ਤੇ ਗੱਲਬਾਤ ਕਰਨ ਦਾ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ |''
ਯੂ.ਐਸ. ਨੇਵੀ ਨੇ ਯੂ.ਐਸ. ਨੇਵਲ ਵਾਰ ਕਾਲਜ, ਨਿਊਪੋਰਟ, ਰ੍ਹੋਡ ਆਈਲੈਂਡ ਵਿਖੇ ਆਈ.ਐਸ.ਐਸ. ਦੀ ਮੇਜ਼ਬਾਨੀ ਕੀਤੀ, ਜਿਸ ਦੇ ਉਦੇਸ਼ ਨਾਲ ਇਕ ਸੁਤੰਤਰ ਅਤੇ ਨਿਯਮਾਂ-ਆਧਾਰਤ ਇੰਡੋ-ਪੈਸੀਫਿਕ ਦੇ ਸਾਂਝੇ ਦਿ੍ਸ਼ਟੀਕੋਣ ਵਲ ਕੰਮ ਕਰਨ ਲਈ ਸਮਾਨ ਸੋਚ ਵਾਲੀਆਂ ਜਲ ਸੈਨਾਵਾਂ ਵਿਚਕਾਰ ਸਹਿਯੋਗ ਵਧਾਉਣਾ ਹੈ | ਆਈ.ਐਸ.ਐਸ. ਦੀ ਅਪਣੀ ਯਾਤਰਾ ਤੋਂ ਇਲਾਵਾ, ਐਡਮਿਰਲ ਕੁਮਾਰ ਨੇ ਅਮਰੀਕਾ, ਆਸਟਰੇਲੀਆ, ਮਿਸਰ, ਫਿਜੀ, ਇਜ਼ਰਾਈਲ, ਇਟਲੀ, ਜਾਪਾਨ, ਕੀਨੀਆ, ਪੇਰੂ, ਸਾਊਦੀ ਅਰਬ, ਸਿੰਗਾਪੁਰ ਅਤੇ ਯੂ.ਕੇ. ਸਮੇਤ ਵੱਖ-ਵੱਖ ਦੇਸ਼ਾਂ ਦੇ ਅਪਣੇ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਵੀ ਕੀਤੀਆਂ | ਮਧਵਾਲ ਨੇ ਕਿਹਾ, ''ਇਸ ਦੌਰੇ ਦੌਰਾਨ ਵਿਆਪਕ ਗੱਲਬਾਤ ਇਕ ਮੁਕਤ, ਖੁੱਲ੍ਹੇ ਅਤੇ ਸੰਮਲਿਤ ਇੰਡੋ-ਪੈਸੀਫਿਕ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ |'' (ਪੀਟੀਆਈ)
ਭਾਰਤੀ ਅਤੇ ਅਮਰੀਕੀ ਜਲ ਸੈਨਾਵਾਂ ਦੇ ਮੁੱਖ ਅਧਿਕਾਰੀ ਚਰਚਾ ਦੌਰਾਨ |