
22 ਐਸਐਸਪੀਜ਼ ਤੇ 22 ਡੀਐਸਪੀਜ਼ ਤਬਦੀਲ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੁਧਵਾਰ ਨੂੰ ਪੰਜਾਬ ’ਚ ਪੰਚਾਇਤੀ ਚੋਣਾਂ ਦਾ ਐਲਾਨ ਤੇ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ 22 ਐਸਐਸਪੀਜ਼ ਅਤੇ 22 ਡੀਐਸਪੀਜ਼ ਦਾ ਤਬਾਦਲਾ ਕਰ ਦਿਤਾ। ਹਾਲੇ ਦੋ ਦਿਨ ਪਹਿਲਾਂ ਚਾਰ ਮੰਤਰੀਆਂ ਦੀ ਛਾਂਟੀ ਕਰ ਕੇ ਪੰਜ ਨਵੇਂ ਮੰਤਰੀਆਂ ਨੂੰ ਵੀ ਸ਼ਾਮਲ ਕਰ ਕੇ ਪੰਜਾਬ ਦੀ ਵਜ਼ਾਰਤ ’ਚ ਵੱਡਾ ਰੱਦੋ-ਬਦਲ ਕੀਤਾ ਗਿਆ ਸੀ। ਅੱਜ 1997 ਬੈਚ ਦੇ ਆਈਪੀਐਸ ਅਧਿਕਾਰੀ ਸੁਰਿੰਦਰਪਾਲ ਸਿੰੰਘ ਪਰਮਾਰ ਨੂੰ ਪੰਜਾਬ ਦੀ ਕਾਨੂੰਨ-ਵਿਵਸਥਾ ਦੇ ਏਡੀਜੀਪੀ ਨਿਯੁਕਤ ਕੀਤਾ ਗਿਆ ਹੈ। ਇਸ ਵੇਲੇ ਉਹ ਬਠਿੰਡਾ ਰੇਂਜ ਦੇ ਏਡੀਜੀਪੀ ਸਨ। ਉਨ੍ਹਾਂ ਨੂੰ ਐਸਪੀਐਸ ਪਰਮਾਰ ਦੇ ਨਾਂਅ ਨਾਲ ਵਧੇਰੇ ਜਾਣਿਆ ਜਾਂਦਾ ਹੈ।
ਪਰਮਾਰ ਉਸ ਵੇਲੇ ਵਧੇਰੇ ਚਰਚਿਤ ਹੋਏ ਸਨ, ਜਦੋਂ ਉਨ੍ਹਾਂ ਨੂੰ ਪੰਜਾਬ ਵਿਚ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਮੁਖੀ ਬਣਾਇਆ ਗਿਆ ਸੀ। ਪਿਛਲੇ ਕੁਝ ਸਮੇਂ ਤੋਂ ਪੰਜਾਬ ’ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਉਤੇ ਕਈ ਤਰ੍ਹਾਂ ਦੇ ਕਿੰਤੂ-ਪ੍ਰੰਤੂ ਉਠਦੇ ਰਹੇ ਹਨ। ਇਸੇ ਲਈ ਸਿਆਸੀ ਹਲਕਿਆਂ ’ਚ ਆਸ ਪ੍ਰਗਟਾਈ ਜਾ ਰਹੀ ਹੈ ਕਿ ਸ਼ਾਇਦ ਹੁਣ ਸੂਬੇ ਦੀ ਹਾਲਤ ’ਚ ਕੁੱਝ ਸੁਧਾਰ ਹੋਵੇ।
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਇਸ ਵਰ੍ਹੇ ਜੂਨ ’ਚ ਲੋਕ ਸਭਾ ਚੋਣਾਂ ਤੋਂ ਬਾਅਦ ਸ੍ਰੀ ਭੁੱਲਰ ਨੂੰ ਸੂਬਾ ਪੁਲਿਸ ਹੈੱਡਕੁਆਰਟਰਜ਼ ਤਬਦੀਲ ਕਰ ਦਿਤਾ ਗਿਆ ਸੀ। ਇਸੇ ਤਰ੍ਹਾਂ ਧਨਪੀਤ ਕੌਰ ਨੂੰ ਲੁਧਿਆਣਾ ਰੇਂਜ ਦੇ ਆਈਜੀ ਨਿਯੁਕਤ ਕੀਤਾ ਗਿਆ ਹੈ। ਮਨਦੀਪ ਸਿੰਘ ਸਿਧੂ, ਜੋ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਅਤੇ ਸੰਗਰੂਰ ਦੇ ਐਸਐਸਪੀ ਰਹੇ ਹਨ, ਨੂੰ ਹੁਣ ਡੀਆਈਜੀ ਪਟਿਆਲਾ ਰੇਂਜ ਲਾਇਆ ਗਿਆ ਹੈ। ਰਣਜੀਤ ਸਿੰਘ ਢਿਲੋਂ ਨੂੰ ਡੀਆਈਜੀ ਫ਼ਿਰੋਜ਼ਪੁਰ ਰੇਂਜ ਤੇ ਹਰਚਰਨ ਸਿੰਘ ਭੁਲਰ ਨੂੰ ਡੀਆਈਜੀ ਬਠਿੰਡਾ ਨਿਯੁਕਤ ਕੀਤਾ ਗਿਆ ਹੈ।