
ਮੁਕਾਬਲੇ ਦੌਰਾਨ 4 ਗੈਂਗਸਟਰ ਹੋਏ ਜ਼ਖ਼ਮੀ
ਤਰਨ ਤਾਰਨ : ਤਰਨ ਤਾਰਨ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿਚ ਚਾਰ ਗੈਂਗਸਟਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਤਰਨ ਤਾਰਨ ਦੇ ਐਸ.ਐਸ.ਪੀ. ਡਾਕਟਰ ਰਵਜੋਤ ਕੌਰ ਗਰੇਵਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਗੈਂਗਸਟਰਾਂ ਦਾ ਸਬੰਧ ਵਿਦੇਸ਼ ’ਚ ਬੈਠੇ ਪ੍ਰਭ ਦਾਸੂਬਾਲ ਦੇ ਗੈਂਗ ਨਾਲ ਦੱਸਿਆ ਜਾ ਰਿਹਾ ਹੈ।
ਭਿੱਖੀ ਪਿੰਡ ਦੇ ਚੋਪੜਾ ਹਸਪਤਾਲ ’ਤੇ ਫਾਇਰਿੰਗ ਕਰਨ ਤੋਂ ਬਾਅਦ ਸੈਂਟ ਕਬੀਰ ਕਾਨਵੈਂਟ ਸਕੂਲ ਦਾਸੂਵਾਲ ਵਿਖੇ ਉਕਤ ਗੈਂਗਸਟਰ ਦੇ ਗੁਰਗਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਡੀ.ਐਸ.ਪੀ. ਭਿੱਖੀ ਪਿੰਡ ਅਤੇ ਡੀ.ਐਸ.ਪੀ. ਪੱਟੀ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਸ਼ੱਕ ਦੇ ਅਧਾਰ ਤੇ ਦਾਸੂਵਾਲ ਦੇ ਕਰੀਬੀ ਗੁਰਸਾਹਿਬ ਸਿੰਘ ਦੇ ਘਰ ਦੀ ਘੇਰਾਬੰਦੀ ਕੀਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵਾਰਨਿੰਗ ਦਿੱਤੀ ਗਈ ਕਿ ਮੁਲਜ਼ਮ ਖੁਦ ਪੁਲਿਸ ਨੂੰ ਸਰੈਂਡਰ ਕਰ ਦੇਣ, ਪਰ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਫਾਈਰਿੰਗ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੇ ਜਾਣ ’ਤੇ ਮੁਲਜ਼ਮ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਣਦੀਪ ਸਿੰਘ, ਗੁਰਜੰਟ ਸਿੰਘ, ਜਸਬੀਰ ਸਿੰਘ ਅਤੇ ਮਲਕੀਤ ਸਿੰਘ ਵਜੋਂ ਹੋਈ ਹੈ।