
ਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਹਥਿਆਰਾਂ ਨਾਲ ਲੈਸ ਲੋਕ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।
ਪਟਿਆਲਾ: ਪਟਿਆਲਾ 'ਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ 'ਚ ਸ਼ਾਮਲ ਕਾਂਗਰਸੀ ਆਪਸ 'ਚ ਭਿੜ ਗਏ। ਇਸ ਦੌਰਾਨ ਐਨ.ਆਈ.ਐਸ. ਚੌਂਕ ਨੇੜੇ ਗੋਲੀਆਂ ਚੱਲ ਗਈਆਂ ਤੇ ਦੋ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਹਥਿਆਰਾਂ ਨਾਲ ਲੈਸ ਲੋਕ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।
ਦੱਸ ਦੇਈਏ ਕਿ ਕੈਪਟਨ ਦੇ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਵਰਕਰਾਂ 'ਚ ਹੱਥੋਂਪਾਈ ਹੋਈ ਤੇ ਫਾਇਰਿੰਗ ਵੀ ਕੀਤੀ ਗਈ ਜਿਸ 'ਚ ਦੋ ਵਿਅਕਤੀ ਜ਼ਖਮੀ ਹੋ ਗਏ। ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।ਘਟਨਾ ਨਗਰ ਨਿਗਮ ਦਫਤਰ ਦੇ ਨੇੜੇ ਐੱਨ. ਆਈ. ਐੱਸ. ਚੌਕ ਕੋਲ ਵਾਪਰੀ।
ਉਕਤ ਝਗੜਾ ਹਰਵਿੰਦਰ ਜੋਈ ਅਤੇ ਐਸਕੇ ਖਰੌੜ ਗਰੁੱਪ ਵਿਚਕਾਰ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਡੀਐਸਪੀ ਸਿਟੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦਾ ਉਦਘਾਟਨ ਕਰਨ ਮੌਕੇ ਪੁੱਜੇ ਸਨ।