
ਐਨਡੀਪੀਐਸ ਐਕਟ ਤਹਿਤ ਕੇਸ ਦਰਜ
ਗੁਰਦਾਸਪੁਰ: ਅੰਮਿ੍ਤਸਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਸਥਿਤ ਸ਼ੂਗਰ ਮਿੱਲ ਪਨਿਆੜ ਨੇੜਿਓਂ ਗੁਰਦਾਸਪੁਰ ਪੁਲਿਸ ਨੇ ਇਕ ਕਾਰ 'ਚ ਸਵਾਰ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਜਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਦੋਨੋਂ ਵਿਅਕਤੀ ਜੰਮੂ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਨੂੰ ਹੈਰੋਇਨ ਵੇਚ ਕੇ ਵਾਪਸ ਆ ਰਹੇ ਸਨ ਕਿ ਪੁਲੀਸ ਨੇ ਨਾਕਾਬੰਦੀ ਦੌਰਾਨ ਦੋਵਾਂ ਨੂੰ ਕਾਬੂ ਕਰ ਲਿਆ।
ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਐਸ.ਆਈ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਸ਼ੱਕ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਪਠਾਨਕੋਟ ਵੱਲੋਂ ਆ ਰਹੀ ਵਰਨਾ ਕਾਰ ਨੂੰ ਰੋਕਿਆ, ਜਿਸ ਵਿੱਚ ਪ੍ਰਗਟ ਸਿੰਘ ਉਰਫ਼ ਪੱਗਾ ਵਾਸੀ ਪੰਡੋਰੀ ਰਣ ਸਿੰਘ ਝਬਾਲ, ਤਰਨਤਾਰਨ ਅਤੇ ਰਾਜਬੀਰ ਸਿੰਘ ਉਰਫ਼ ਮੋਟਾ ਵਾਸੀ ਮਹਿਮਾ ਪੰਡੋਰੀ, ਚਾਟੀਵਿੰਡ, ਅੰਮ੍ਰਿਤਸਰ ਸਵਾਰ ਸਨ ਜਦੋਂ ਦੋਹਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਦੇ ਡੈਸ਼ਬੋਰਡ 'ਚ ਲੁਕੋਏ ਲਿਫਾਫੇ 'ਚੋਂ 520 ਗ੍ਰਾਮ ਹੈਰੋਇਨ ਬਰਾਮਦ ਹੋਈ।
ਕਾਰ ਦੀ ਪਿਛਲੀ ਸੀਟ 'ਤੇ ਪਏ ਲਿਫਾਫੇ 'ਚੋਂ 14 ਲੱਖ 38 ਹਜ਼ਾਰ 550 ਰੁਪਏ ਦੀ ਡਰਗ ਮਨੀ ਵੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਗਿਰਫਤਾਰ ਕੀਤੇ ਗਏ ਵਿਅਕਤੀਆਂ ਨੇ ਦੱਸਿਆ ਕਿ ਉਹ ਇਹ ਪੈਸੇ ਜਗਤੂਤ ਉਰਫ ਜੰਤਨੂ ਉਰਫ ਮੁਸਲਿਮ ਗੁਰਜਰ ਵਾਸੀ ਜੰਮੂ ਨੂੰ ਹੈਰੋਇਨ ਵੇਚ ਕੇ ਲਿਆਏ ਸਨ। ਪੁਲੀਸ ਨੇ ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।