
Punjab News: ਇਸ ਆਪਸੀ ਟਕਰਾਅ ਦੇ ਮਾਹੌਲ ਤੋ ਬਚਣ ਲਈ ਅਸੀਂ ਅਪਣੇ ਵਲੋਂ ਉਮੀਦਵਾਰ ਨਾ ਉਤਾਰਨਾ ਹੀ ਬਿਹਤਰ ਸਮਝਿਆ।
ਅੰਮ੍ਰਿਤਪਾਲ ਸਿੰਘ ਟੀਮ ਵਲੋਂ 13 ਨਵੰਬਰ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਖੜੇ ਨਾ ਕੀਤੇ ਜਾਣ ਦਾ ਫ਼ੈਸਲਾ ਕਿਸੇ ਵਕਤੀ ਕਾਰਨ ਦੀ ਬਜਾਏ ਲੰਮੇ ਵਿਚਾਰ-ਮਸ਼ਵਰੇ ਬਾਅਦ ਲਿਆ ਗਿਆ ਹੈ।
ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਦੇ ਟੀਮ ਮੈਂਬਰਾਂ ਬਾਪੂ ਤਰਲੋਕ ਸਿੰਘ ਜੱਲੂਪੁਰ , ਸਰਬਜੀਤ ਸਿੰਘ ਐਮ ਪੀ ਫ਼ਰੀਦਕੋਟ, ਸੁਖਵਿੰਦਰ ਸਿੰਘ ਅਗਵਾਨ ਤੇ ਸਮੂਹ ਟੀਮ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਮੀਡੀਏ ਵਿਚ ਕੀਤੀਆਂ ਜਾ ਰਹੀਆਂ ਕਿਆਸੀ-ਅਰਾਈਆਂ ਬਾਰੇ ਪ੍ਰਤੀਕਰਮ ਪ੍ਰਗਟਾਉਂਦੇ ਹੋਏ ਕਿਹਾ ਕਿ ਚੋਣਾਂ ਨਾ ਲੜਨ ਦਾ ਫ਼ੈਸਲਾ, ਗੰਭੀਰ ਵਿਚਾਰ ਚਰਚਾ ਤੋਂ ਬਾਅਦ ਲਿਆ ਗਿਆ।
ਚਰਚਾ ਵਿਚ ਇਹ ਸਿੱਟਾ ਨਿਕਲ ਕੇ ਆਇਆ ਕਿ ਜ਼ਿਮਨੀ ਚੋਣਾਂ ਨੂੰ ਹਰ ਹਲਕੇ ਵਿਚ ਕੇਵਲ ਇਕ ਸਾਂਝੇ ਪੰਥਕ ਉਮੀਦਵਾਰ ਵਾਲੀ ਸਥਿਤੀ ਵਿਚ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੜਿਆ ਜਾ ਸਕਦਾ ਸੀ, ਪਰ ਮੌਜੂਦਾ ਸਮੇਂ ਵੱਖ-ਵੱਖ ਪੰਥਕ ਧਿਰਾਂ ਦੇ ਸਬੰਧਾਂ ਵਿਚਲੀ ਆਪਸੀ ਕੁੜੱਤਣ ਨੂੰ ਵੇਖਦਿਆਂ ਅਜਿਹਾ ਕਰ ਸਕਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਜਾਪਦਾ।
ਦੂਜਾ ਵੱਡਾ ਕਾਰਨ ਇਸ ਵਕਤ ਸਾਡਾ ਸੱਭ ਤੋਂ ਵੱਡਾ ਟੀਚਾ ਲੀਹੋਂ ਲੱਥੀ ਹੋਈ ਪੰਥਕ ਰਾਜਨੀਤੀ ਨੂੰ ਰਾਹ ਉਪਰ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਕਾਰਜ ਉਪਰ ਅਪਣਾ ਸਾਰਾ ਧਿਆਨ ਕੇਂਦਰਤ ਕਰਨਾ ਹੈ । ਅਜਿਹਾ ਕਰਨ ਲਈ ਵੱਖ-ਵੱਖ ਧਿਰਾਂ ਨਾਲ ਇਕ ਸੁਖਾਵੇਂ ਮਾਹੌਲ ਨੂੰ ਪੈਦਾ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਪਵੇਗੀ। ਲੋਕ ਸਭਾ ਚੋਣ ਦਾ ਸਾਡਾ ਤਜਰਬਾ ਇਹ ਦਰਸਾਉਂਦਾ ਕਿ ਚੋਣਾਂ ਦੌਰਾਨ ਕਿਸੇ ਹਲਕੇ ਤੋਂ ਇਕ ਤੋਂ ਜ਼ਿਆਦਾ ਪੰਥਕ ਉਮੀਦਵਾਰ ਹੋਣ ਦੀ ਸਥਿਤੀ ਵਿਚ ਆਪਸੀ ਤਲਖ਼ੀ ਅਤੇ ਦੂਰੀਆਂ ਦਾ ਵੱਧ ਜਾਣਾ ਸੁਭਾਵਕ ਹੈ। ਅਜਿਹੀ ਸਥਿਤੀ ਭਵਿੱਖ ਵਿਚ ਪੰਥਕ ਏਕਤਾ ਦੇ ਯਤਨਾਂ ਵਿਚ ਵੱਡੀ ਰੁਕਾਵਟ ਬਣ ਸਕਦੀ ਹੈ। ਇਸ ਆਪਸੀ ਟਕਰਾਅ ਦੇ ਮਾਹੌਲ ਤੋ ਬਚਣ ਲਈ ਅਸੀਂ ਅਪਣੇ ਵਲੋਂ ਉਮੀਦਵਾਰ ਨਾ ਉਤਾਰਨਾ ਹੀ ਬਿਹਤਰ ਸਮਝਿਆ।