ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
Kiln worker kills wife Firozpur News: ਮੱਲਾ ਵਾਲਾ ਫ਼ਿਰੋਜ਼ਪੁਰ ਰੋਡ ’ਤੇ ਪਿੰਡ ਇਲਮੇਵਾਲਾ ਨਜ਼ਦੀਕ ਸਥਿਤ ਭੱਠੇ ਉਤੇ ਕੰਮ ਕਰਦੇ ਪਤੀ ਵਲੋਂ ਅਪਣੇ ਪਤਨੀ ਦੀ ਗਲਾ ਘੁੱਟ ਕੇ ਹਤਿਆ ਕਰ ਦਿਤੀ ਗਈ। ਪੁਲਿਸ ਨੂੰ ਦਿਤੇ ਬਿਆਨ ਵਿਚ ਪੂਨੀਆ ਪਤਨੀ ਰਣਜੀਤ ਚੌਧਰੀ ਵਾਸੀ ਬਿਹਾਰ ਨੇ ਦਸਿਆ ਕਿ ਉਹ ਪਿਛਲੇ ਦੋ ਮਹੀਨੇ ਤੋਂ ਅਪਣੇ ਪਰਵਾਰ ਸਮੇਤ ਇਲਮੇ ਵਾਲੇ ਦੇ ਭੱਠੇ ’ਤੇ ਮਿਹਨਤ ਮਜ਼ਦੂਰੀ ਕਰ ਰਹੇ ਹਨ।
ਉਨ੍ਹਾਂ ਨਾਲ ਉਸ ਦੀ ਚਾਚੀ ਦੀ ਧੀ ਜੂਨਾ ਦੇਵੀ ਪਤਨੀ ਉਦੈ ਚੌਧਰੀ ਵੀ ਅਪਣੇ ਪਰਵਾਰ ਨਾਲ, ਉਸੇ ਭੱਠੇ ’ਤੇ ਕੰਮ ਕਰ ਰਹੀ ਸੀ। ਬੀਤੀ ਰਾਤ ਕਰੀਬ 10 ਵਜੇ ਜੂਨਾ ਦੇਵੀ ਦੇ ਬੱਚਿਆਂ ਨੇ ਰੋਲਾ ਪਾਇਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਹੈ। ਜਦੋਂ ਉਹ ਉਥੇ ਪਹੁੰਚੇ ਤਾਂ ਜੂਨਾ ਦੇਵੀ ਮੰਜੇ ’ਤੇ ਮ੍ਰਿਤ ਪਈ ਸੀ।
ਮੁਲਜ਼ਮ ਉਦੈ ਚੌਧਰੀ ਨੇ ਕਿਹਾ ਕਿ ਉਸ ਦੀ ਪਤਨੀ ਨੇ ਫਾਹਾ ਲਿਆ ਹੈ, ਪਰ ਉਸ ਦੇ ਬੇਟੇ ਬਾਲਵੀਰ ਨੇ ਦਸਿਆ ਕਿ ਪਿਤਾ ਨੇ ਮਾਂ ਦਾ ਮੂੰਹ ਕਪੜੇ ਨਾਲ ਬੰਨ੍ਹ ਕੇ ਗਲਾ ਦਬਾਇਆ ਸੀ। ਇਹ ਸੁਣ ਕੇ ਉਦੈ ਚੌਧਰੀ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਮੋਰਚਰੀ ਵਿਚ ਰਖਵਾ ਦਿਤਾ ਹੈ। ਮੱਲਾਂਵਾਲਾ ਥਾਣੇ ਦੇ ਮੁੱਖ ਅਫ਼ਸਰ ਹਰਿੰਦਰ ਸਿੰਘ ਨੇ ਦਸਿਆ ਕਿ ਪੂਨੀਆ ਦੇ ਬਿਆਨ ’ਤੇ ਉਦੈ ਚੌਧਰੀ ਵਾਸੀ ਪਿੰਡ ਰਤਵਾਗ ਜ਼ਿਲ੍ਹਾ ਮਾਧੋਪੁਰਾ (ਬਿਹਾਰ) ਵਿਰੁਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਮੱਲਾਂਵਾਲਾ ਤੋਂ ਸੁੱਖਵਿੰਦਰ ਸਿੰਘ ਦੀ ਰਿਪੋਰਟ
