
ਇਕ ਪਾਸੇ ਗੱਲਬਾਤ ਦਾ ਸੱਦਾ ਤੇ ਦੂਜੇ ਪਾਸੇ ਹਰਿਆਣਾ ਤੇ ਦਿੱਲੀ ਦੀਆਂ ਹੱਦਾਂ ਸੀਲ
ਪੰਜਾਬ ਦੇ ਕਿਸਾਨਾਂ ਦਾ ਰਾਸ਼ਨ ਪਾਣੀ ਹਰਿਆਣਾ ਦੀਆਂ ਹੱਦਾਂ 'ਤੇ ਹੀ ਰੋਕਿਆ g ਹਰਿਆਣਾ ਵਿਚ ਕਿਸਾਨਾਂ ਦੀ ਫੜੋ ਫੜਾਈ ਵੀ ਸ਼ੁਰੂ
ਚੰਡੀਗੜ੍ਹ, 24 ਨਵੰਬਰ (ਗੁਰਉਪਦੇਸ਼ ਭੁੱਲਰ): ਭਾਵੇਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਵੱਖ-ਵੱਖ ਰਾਜਾਂ ਦੀਆਂ ਕਿਸਾਨ ਯੂਨੀਅਨਾਂ ਨੇ ਮੋਦੀ ਸਰਕਾਰ ਵਲੋਂ ਲਾਗੂ ਕੇਂਦਰੀ ਖੇਤੀ ਕਾਨੂੰਨ ਅਤੇ ਬਿਜਲੀ ਐਕਟ ਸਬੰਧੀ ਪ੍ਰਸਤਾਵ ਅਤੇ ਪਰਾਲੀ ਬਾਰੇ ਆਰਡੀਨੈਂਸ ਜਾਰੀ ਕਰ ਕੇ ਲਾਗੂ ਇਕ ਕਰੋੜ ਜੁਰਮਾਨੇ ਤੇ ਕੈਦ ਦੀ ਸਜ਼ਾ ਦਾ ਫ਼ੈਸਲਾ ਵਾਪਸ ਕਰਵਾਉਣ ਲਈ 26-27 ਨਵੰਬਰ ਨੂੰ ਦਿੱਲੀ ਕੂਚ ਦਾ ਸੱਦਾ ਦਿਤਾ ਗਿਆ ਸੀ ਪਰ ਕਿਸਾਨਾਂ ਨੇ 2 ਦਿਨ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਦਿੱਲੀ ਵਲ ਵਧਣਾ ਸ਼ੁਰੂ ਕਰ ਦਿਤਾ ਹੈ।
ਜ਼ਿਕਰਯੋਗ ਗੱਲ ਹੈ ਕਿ ਕੇਂਦਰ ਸਰਕਾਰ ਵਲੋਂ ਇਕ ਪਾਸੇ ਬੜੀ ਹੀ ਚਲਾਕੀ ਭਰਿਆ ਗੱਲਬਾਤ ਦਾ ਸੱਦਾ 3 ਦਸੰਬਰ ਲਈ ਦਿਤਾ ਗਿਆ ਹੈ, ਉਥੇ ਦੂਜੇ ਪਾਸੇ ਕੇਂਦਰ ਤੇ ਹਰਿਆਣਾ ਸਰਕਾਰ 26-27 ਦੇ ਦਿੱਲੀ ਕੂਚ ਨੂੰ ਰੋਕਣ ਲਈ ਐਕਸ਼ਨ ਸ਼ੁਰੂ ਕਰਦਿਆਂ ਪੰਜਾਬ ਤੇ ਨਾਲ ਲਗਦੇ ਹੋਰ ਰਾਜਾਂ ਤੋਂ ਆਉਂਦੇ ਮਾਰਗਾਂ ਤੋਂ ਦਿੱਲੀ ਦੀਆਂ ਹੱਦਾਂ ਸੀਲ ਕਰ ਦਿਤੀਆਂ ਗਈਆਂ ਹਨ। ਹਰਿਆਣਾ ਸਰਕਾਰ ਨੇ ਤਾਂ ਸਖ਼ਤੀ ਨਾਲ ਪੰਜਾਬ ਤੋਂ ਦਿੱਲੀ ਆਉਂਦੀਆਂ ਸਾਰੀਆਂ ਹੱਦਾਂ ਸੀਲ ਕਰ ਕੇ ਕਿਸਾਨਾਂ ਵਲੋਂ 'ਦਿੱਲੀ ਚਲੋ' ਪ੍ਰੋਗਰਾਮ ਲਈ
ਲਿਆਂਦੇ ਜਾ ਰਹੇ ਰਾਸ਼ਨ ਪਾਣੀ ਦੀਆਂ ਭਰੀਆਂ ਟਰੈਕਟਰ-ਟਰਾਲੀਆਂ ਦਿੱਲੀ ਤੋਂ ਪਿਛੇ ਹੀ ਹਰਿਆਣਾ ਖੇਤਰ ਵਿਚ ਪੈਂਦੀਆਂ ਹੱਦਾਂ 'ਤੇ ਰੋਕ ਦਿਤੀਆਂ ਹਨ। ਹਰਿਆਣਾ ਵਿਚ ਤਾਂ ਖੱਟੜ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਦੇਰ ਰਾਤ ਤੋਂ ਕਿਸਾਨਾਂ ਦੀ ਫੜੋ ਫੜਾਈ ਸ਼ੁਰੂ ਕਰ ਦਿਤੀ ਹੈ ਤੇ ਛਾਪੇ ਮਾਰੇ ਕ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ 26-27 ਨਵੰਬਰ ਤੋਂ ਪਹਿਲਾਂ ਹੀ ਕੇਂਦਰੀ ਹਾਕਮਾਂ ਤੇ ਕਿਸਾਨਾਂ ਵਿਚ ਜੰਗ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਟਕਰਾਅ ਵਧਣ ਦੀ ਸਥਿਤੀ ਵੀ ਬਣ ਰਹੀ ਹੈ। ਹਰਿਆਣਾ ਦੇ ਲੋਕਾਂ 'ਤੇ ਪੰਜਾਬ ਤੇ ਦਿੱਲੀ ਦੀਆਂ ਸਰਹੱਦਾਂ ਵਲ ਜਾਣ 'ਤੇ ਰੋਕ
ਹਰਿਆਣਾ ਦੀ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸ ਹੱਦ ਤਕ ਪੰਜਾਬ ਦੇ ਕਿਸਾਨਾਂ ਨੂੰ ਕੁਚਲਣ ਲਈ ਤਿਆਰ ਹੈ ਕਿ ਉਸ ਨੇ 25 ਤੋਂ 27 ਨਵੰਬਰ ਤਕ ਹਰਿਆਣਾ ਦੇ ਆਮ ਲੋਕਾਂ ਦੇ ਪੰਜਾਬ ਤੇ ਦਿੱਲੀ ਦੀਆਂ ਹੱਦਾਂ ਵਲ ਜਾਣ 'ਤੇ ਹੀ ਰੋਕ ਲਾ ਦਿਤੀ ਹੈ। ਖ਼ੁਦ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਇਸ ਪਾਸੇ ਹਰਿਆਣਾ ਦੇ ਲੋਕ ਨਾ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਜਾਂ ਹਰਿਆਣਾ ਵਿਚੋਂ ਕਿਸੇ ਨੂੰ ਵੀ ਦਿੱਲੀ ਵਲ ਜਾਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਸਥਿਤੀ ਦੇ ਟਾਕਰੇ ਲਈ ਹਰਿਆਣਾ ਦੀ ਪੁਲਿਸ ਫ਼ੋਰਸ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।
image
ਦਿੱਲੀ ਵਲ ਨੂੰ ਜਾਂਦੇ ਰਸਤੇ ਸੀਲ ਕਰਦੀ ਹਰਿਆਣਾ ਪੁਲਿਸ, (ਸੱਜੇ) ਦਿੱਲੀ ਵਲ ਨੂੰ ਜਾਂਦੇ ਕਿਸਾਨ ਦੇ ਰਾਸ਼ਨ ਪਾਣੀ ਨਾਲ ਭਰੇ ਟਰੱਕ ਟਰਾਲੀਆਂ ਅਤੇ ਹੋਰ ਵਾਹਨ।