
ਪਿੰਡਾਂ 'ਚ ਘਰ-ਘਰ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਦਿੱਲੀ ਮੋਰਚੇ ਲਈ ਰਾਸ਼ਨ
ਐਸ.ਏ.ਐਸ ਨਗਰ, 24 ਨਵੰਬਰ (ਸੁਖਦੀਪ ਸਿੰਘ ਸੋਈ): ਪੰਜਾਬ ਦੇ ਕਿਸਾਨਾਂ ਵਲੋਂ 26 ਨਵੰਬਰ ਨੂੰ ਦਿਤੇ ਗਏ ਦਿੱਲੀ ਚਲੋ ਦੇ ਸੱਦੇ ਅਤੇ ਚੱਲ ਰਹੇ ਕਿਸਾਨ ਸੰਘਰਸ਼ ਕਾਰਨ ਪੰਜਾਬ ਕਿਸਾਨਾਂ ਦੇ ਸੰਘਰਸ਼ ਦੇ ਰੰਗ ਵਿਚ ਰੰਗਿਆ ਗਿਆ ਹੈ ਕਿਸਾਨਾਂ ਦੇ ਧਰਨਿਆਂ ਵਾਲੀਆਂ ਥਾਵਾਂ ਅਤੇ ਪਿੰਡਾਂ ਵਿਚ ਹਰ ਪਾਸੇ ਹਰੀਆਂ ਪੱਗਾਂ ਵਾਲੇ ਕਿਸਾਨ ਅਤੇ ਹਰੀਆਂ ਚੁੰਨੀਆਂ ਵਾਲੀਆਂ ਕਿਸਾਨ ਬੀਬੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਦੇ ਲਗਭਗ ਹਰ ਪਿੰਡ ਵਿਚ ਬੱਚਿਆਂ ਤੋਂ ਲੈ ਕੇ ਕਿਸਾਨ ਬੀਬੀਆਂ ਅਤੇ ਬਜੁਰਗਾਂ ਦੇ ਵੀ ਹੱਥਾਂ ਤਕ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ ਦਿਖਾਈ ਦੇ ਰਹੇ ਹਨ ਅਤੇ ਹਰ ਕਿਸਾਨ ਹਰ ਵਰਗ ਦੇ ਲੋਕਾਂ ਨੂੰ ਦਿੱਲੀ ਚਲੋ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਦਿੰਦਾ ਨਜ਼ਰ ਆ ਰਿਹਾ ਹੈ।
ਕਿਸਾਨਾਂ ਵਲੋਂ ਦਿੱਲੀ ਧਰਨੇ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਲੜਾਈ ਦੇ ਲੰਬਾ ਖਿੱਚੇ ਜਾਣ ਦੀ ਸੰਭਾਵਨਾ ਨੂੰ ਮੁੱਖ ਰਖਦਿਆਂ ਅਪਣੇ ਨਾਲ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਜਾਣ ਲਈ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਰਾਸ਼ਨ ਦੇ ਨਾਲ-ਨਾਲ ਲੰਗਰ ਤਿਆਰ ਕਰਨ ਲਈ ਭਾਂਡੇ ਅਤੇ ਲੱਕੜਾਂ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਰੇਹੜੀਆਂ ਤੇ ਵੀ ਹਰ ਘਰ ਤੋਂ ਦਿੱਲੀ ਦੇ ਕਿਸਾਨ ਧਰਨੇ ਲਈ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ। ਕਈ ਪਿੰਡਾਂ ਵਿਚ ਤਾਂ ਦਿੱਲੀ ਧਰਨੇ ਵਿਚ ਜਾਣ ਵਾਲੇ ਕਿਸਾਨਾਂ ਲਈ ਖੋਏ ਦੀਆਂ ਪਿੰਨੀਆਂ ਅਤੇ ਖਾਣ ਪੀਣ ਦਾ ਹੋਰ ਸਮਾਨ ਵੀ ਤਿਆਰ ਕੀਤਾ ਗਿਆ ਹੈ
photo ੨੪-੯image