
ਰਾਕੇਸ਼ ਟਿਕੈਤ ਦਾ ਐਲਾਨ: 29 ਨਵੰਬਰ ਨੂੰ 60 ਟਰੈਕਟਰਾਂ ਨਾਲ ਕਰਾਂਗੇ ਸੰਸਦ ਵਲ ਕੂਚ
ਕਿਹਾ, ਐਮਐਸਪੀ 'ਤੇ ਪੱਕਾ ਗਾਰੰਟੀ ਕਾਰਡ ਲੈ ਕੇ ਹੀ ਜਵਾਂਗੇ
ਗਾਜ਼ੀਆਬਾਦ, 24 ਨਵੰਬਰ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਬੁਧਵਾਰ ਨੂੰ ਕਿਹਾ ਕਿ ਖੇਤੀ ਕਾਨੂੰਨਾਂ ਵਿਰੁਧ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਖ਼ਤਮ ਨਹੀਂ ਹੋਵੇਗਾ ਅਤੇ ਅੱਗੇ ਦੀ ਰਣਨੀਤੀ 27 ਨਵੰਬਰ ਨੂੰ ਤੈਅ ਕੀਤੀ ਜਾਵੇਗੀ | ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਕੇਂਦਰ ਸਰਕਾਰ ਦੇ ਦਾਅਵਿਆਂ ਨੂੰ ਲੈ ਕੇ ਵੀ ਪ੍ਰਰਦਸ਼ਨਕਾਰੀ ਉਸ ਨੂੰ ਸਵਾਲ ਕਰਨਗੇ | ਉਨ੍ਹਾਂ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ 60 ਟਰੈਕਟਰਾਂ ਅਤੇ 1000 ਲੋਕਾਂ ਨਾਲ ਰੈਲੀ ਕਰਨ ਦਾ ਐਲਾਨ ਕੀਤਾ |
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਸਾਡੀ ਵੱਡੀ ਮੰਗ ਪੂਰੀ ਹੋ ਗਈ ਹੈ | ਜਦੋਂ ਤਕ ਭਾਰਤ ਸਰਕਾਰ ਐਮ.ਐਸ.ਪੀ., ਕਿਸਾਨਾਂ ਦੀ ਸ਼ਹੀਦੀ ਬਾਰੇ ਗੱਲ ਨਹੀਂ ਕਰਦੀ, ਉਦੋਂ ਤਕ ਅੰਦੋਲਨ ਜਾਰੀ ਰਹੇਗਾ | ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਸੰਸਦ ਸੈਸ਼ਨ ਦੇ ਪਹਿਲੇ ਦਿਨ 29 ਨਵੰਬਰ ਨੂੰ ਟਰੈਕਟਰਾਂ ਨਾਲ ਰੈਲੀ ਕਰਨਗੇ |
ਅੰਦੋਲਨ ਬਾਰੇ ਟਿਕੈਤ ਨੇ ਇਹ ਵੀ ਕਿਹਾ ਕਿ ਇਹ ਅੰਦੋਲਨ ਅਜੇ ਖ਼ਤਮ ਨਹੀਂ ਹੋਵੇਗਾ | ਸਾਡੀ 27 ਨਵੰਬਰ ਨੂੰ ਮੀਟਿੰਗ ਹੈ ਜਿਸ ਤੋਂ ਬਾਅਦ ਅਸੀਂ ਅਗਲੇ ਫ਼ੈਸਲੇ ਲਵਾਂਗੇ | ਮੋਦੀ ਜੀ ਨੇ ਕਿਹਾ ਹੈ ਕਿ 1 ਜਨਵਰੀ ਤੋਂ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ ਤਾਂ ਅਸੀਂ ਪੁਛਾਂਗੇ ਕਿ ਇਹ ਦੁਗਣੀ ਕਿਵੇਂ ਹੋਵੇਗੀ | ਕਿਸਾਨਾਂ ਦੀ ਜਿੱਤ ਉਦੋਂ ਹੋਵੇਗੀ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਅ ਮਿਲੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ
ਘੱਟੋ-ਘੱਟ ਸਮਰਥਨ ਮੁੱਲ ਦੀ ਜ਼ਿੰਮੇਵਾਰੀ ਕੌਣ ਲਵੇਗਾ? ਐਮਐਸਪੀ 'ਤੇ ਪੱਕਾ ਗਾਰੰਟੀ ਕਾਰਡ ਲੈ ਕੇ ਹੀ ਜਾਵਾਂਗੇ |
ਰਾਕੇਸ਼ ਟਿਕੈਤ ਨੇ ਸਦਰਪੁਰ ਪਿੰਡ ਪਹੁੰਚੇ ਅਤੇ ਗਾਜ਼ੀਆਬਾਦ ਵਿਚ ਮਧੂਬਨ ਬਾਪੂਧਾਮ ਯੋਜਨਾ ਤੋਂ ਪੀੜਤ ਕਿਸਾਨਾਂ ਦਾ ਸਮਰਥਨ ਕੀਤਾ, ਜੋ ਬਰਾਬਰ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ | 18 ਮਹੀਨਿਆਂ ਤੋਂ ਚੱਲੇ ਇਸ ਧਰਨੇ ਵਿਚ ਉਨ੍ਹਾਂ ਛੇ ਪਿੰਡਾਂ ਦੇ ਕਿਸਾਨਾਂ ਨੂੰ ਕਿਹਾ ਕਿ ਜਦੋਂ ਤਕ ਕਿਸਾਨਾਂ ਨੂੰ ਬਰਾਬਰ ਮੁਆਵਜ਼ਾ ਨਹੀਂ ਦਿਤਾ ਜਾਂਦਾ, ਉਦੋਂ ਤਕ ਯੋਜਨਾ ਤਹਿਤ ਕੋਈ ਕੰਮ ਨਹੀਂ ਹੋਣ ਦਿਤਾ ਜਾਵੇਗਾ | (ਏਜੰਸੀ)