
ਕੈਪਟਨ ਕੰਵਲਜੀਤ ਦੀ ਧੀ ਡੋਲੀ ਨੇ ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਨਵੀਂ ਦਿੱਲੀ, 24 ਦਸੰਬਰ (ਚਰਨਜੀਤ ਸਿੰਘ ਸੁਰਖ਼ਾਬ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਬੇਟੀ ਮਨਪ੍ਰੀਤ ਕੌਰ ਡੋਲੀ ਨੇ ਦਿੱਲੀ ਵਿਚ ਜਾਰੀ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕੀਤੀ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਡੋਲੀ ਨੇ ਮੋਰਚੇ ਵਿਚ ਸ਼ਾਮਲ ਕਿਸਾਨਾਂ, ਬਜ਼ੁਰਗਾਂ, ਮਾਤਾਵਾਂ ਨੂੰ ਸਿਰ ਝੁਕਾ ਕੇ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਇੰਝ ਮਹਿਸੂਸ ਹੋ ਰਿਹਾ ਹੈ ਕਿ ਦਿੱਲੀ ਦੀਆਂ ਸਰਹੱਦਾਂ ਹੁਣ ਗੁਰੂਆਂ ਦਾ ਸਥਾਨ ਬਣ ਚੁੱਕੀਆਂ ਹਨ। ਮਨਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਅਜਿਹਾ ਦÇ੍ਰਸ਼ ਪਹਿਲਾਂ ਕਦੀ ਨਹੀਂ ਸੀ ਦੇਖਿਆ। ਹਰ ਜਗ੍ਹਾ ਸੇਵਾ-ਭਾਵਨਾ ਨਾਲ ਲੰਗਰ ਚੱਲ ਰਿਹਾ ਹੈ। ਇਹ ਦੇਖ ਕੇ ਮਨ ਬਹੁਤ ਖੁਸ਼ ਹੋ ਰਿਹਾ ਹੈ। ਅੱਜ ਅਪਣੇ ਪੰਜਾਬੀ ਹੋਣ ‘ਤੇ ਮਾਣ ਹੁੰਦਾ ਹੈ। ਮਨਪ੍ਰੀਤ ਕੌਰ ਨੇ ਕਿਹਾ ਕਿ ਇਥੇ ਚੱਲ ਰਹੇ ਲੰਗਰ ਲਈ ਬਾਹਰੋਂ ਫੰਡਿੰਗ ਨਹੀਂ ਆ ਰਹੀ ਬਲਕਿ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਤੋਂ ਕਿਸਾਨ ਅਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਰਾਸ਼ਣ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਇੱਥੇ ਕੋਈ ਅੱਤਵਾਦੀ ਨਹੀਂ ਹੈ, ਇਹ ਸਭ ‘ਗੋਦੀ ਮੀਡੀਆ’ ਤੇ ਸਰਕਾਰ ਦੀ ਰਚੀ ਹੋਈ ਸਾਜ਼ਿਸ਼ ਹੈ। ਮੋਰਚੇ ਵਿਚ ਬੈਠੇ ਕਿਸਾਨ ਆਮ ਲੋਕ ਹੀ ਹਨ ਤੇ ਇਹ ਅਪਣੇ ਹੱਕ ਮੰਗਣ ਆਏ ਹਨ। ਉਹਨਾਂ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਪਿੱਛੇ ਸਰਕਾਰ ਦੀ ਹਉਮੈ ਹੈ। ਡੋਲੀ ਨੇ ਕਿਹਾ ਕਿ ਉਹਨਾਂ ਨੇ ਇੰਨਾ ਅੜੀਅਲ ਪ੍ਰਧਾਨ ਮੰਤਰੀ ਅੱਜ ਤੱਕ ਕਿਤੇ ਨਹੀਂ ਦੇਖਿਆ।