
ਸਿਆਸੀ ਬਿਆਨਬਾਜ਼ੀਆਂ ਨੂੰ ਪੰਜਾਬ ਦੇ ਨੌਜਵਾਨਾਂ ਦਾ ਜਵਾਬ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਸੰਘਰਸ਼ ਦੇ ਚਲਦਿਆਂ ਸਿਆਸੀ ਬਿਆਨਬਾਜ਼ੀਆਂ ਦਾ ਦੌਰ ਵੀ ਜਾਰੀ ਹੈ। ਇਹਨਾਂ ਬਿਆਨਬਾਜ਼ੀਆਂ ‘ਤੇ ਪੰਜਾਬ ਦੇ ਨੌਜਵਾਨਾਂ ਦੀ ਪ੍ਰਤੀਕਿਰਿਆ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਨੇ ਸੰਘਰਸ਼ ‘ਚ ਸ਼ਾਮਲ ਨੌਜਵਾਨਾਂ ਨਾਲ ਗੱਲਬਾਤ ਕੀਤੀ।
Punjab youth at Delhi protest
ਮੋਰਚੇ ‘ਚ ਸ਼ਾਮਲ ਨੌਜਵਾਨ ਨਵਜੋਤ ਸਿੰਘ ਨੇ ਕਿਹਾ ਕਿ ਸਿਆਸਤ ਕਿਹੋ ਜਿਹੀ ਵੀ ਹੋਵੇ ਪਰ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੈ ਕਿਉਂਕਿ ਇਹ ਬਹੁਤ ਹੀ ਜਜ਼ਬਾਤੀ ਮੁੱਦਾ ਹੈ। ਇਸ ਨਾਲ ਹੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਤੈਅ ਹੋਵੇਗਾ। ਇਸ ਸਬੰਧੀ ਹਰਪ੍ਰੀਤ ਸਿੰਘ ਨਾਂਅ ਦੇ ਨੌਜਵਾਨ ਨੇ ਕਿਹਾ ਕਿ ਜੇਕਰ ਸਾਨੂੰ ਅੱਜ ਅੰਨ ਦਾ ਵਪਾਰੀ ਕਿਹਾ ਜਾ ਰਿਹਾ ਹੈ ਤਾਂ ਅਸੀਂ ਅਪਣਾ ਢਿੱਡ ਭਰਨ ਲਈ ਅੰਨ ਦਾ ਵਪਾਰ ਕਰ ਰਹੇ ਹਾਂ, ਇਹ ਗਲਤ ਵੀ ਨਹੀਂ ਹੈ। ਇਹ ਅੰਦੋਲਨ ਸਾਡੀ ਜ਼ਮੀਰ ਤੇ ਹੱਕਾਂ ਲਈ ਬਹੁਤ ਜ਼ਰੂਰੀ ਸੀ।
Punjab youth at Delhi protest
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦਿਆਂ ਨਵਜੋਤ ਨੇ ਕਿਹਾ ਕਿ ਉਹਨਾਂ ਨੇ ਅਜਿਹਾ ਪ੍ਰਧਾਨ ਮੰਤਰੀ ਕਿਸੇ ਦੁਨੀਆਂ ਵਿਚ ਨਹੀਂ ਦੇਖਿਆ। ਜਦੋਂ ਕਾਨੂੰਨ ਬਣਾਏ ਤਾਂ ਕਿਸੇ ਦੀ ਸਲਾਹ ਨਹੀਂ ਲਈ ਗਈ ਪਰ ਹੁਣ ਜਦੋਂ ਸਾਡੇ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਤਾਂ ਉਹ ਇਸ ਨੂੰ ਅਪਣੀ ਹਊਮੇ ‘ਤੇ ਲਾਈ ਬੈਠੇ ਹਨ। ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਸਾਡੇ ਫਾਇਦੇ ਲਈ ਹੈ ਪਰ ਸਾਨੂੰ ਅਪਣਾ ਫਾਇਦਾ ਨਹੀਂ ਚਾਹੀਦਾ।
Punjab youth at Delhi protest
ਇਹਨਾਂ ਕਾਨੂੰਨਾਂ ਨਾਲ ਫਾਇਦਾ ਕਿਸ ਨੂੰ ਹੋਵੇਗਾ, ਇਸ ਬਾਰੇ ਦੇਸ਼ਵਾਸੀ ਭਲੀਭਾਂਤੀ ਜਾਣਦੇ ਹਨ। ਉਹਨਾਂ ਕਿਹਾ ਕਿ ਹਰ ਚੀਜ਼ ਲਈ ਨੋਟੀਫੀਕੇਸ਼ਨ ਜਾਰੀ ਹੁੰਦੀ ਹੈ, ਜੇਕਰ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਹੈ ਤਾਂ ਕੋਈ ਨੋਟੀਫੀਕੇਸ਼ਨ ਦਿਖਾਵੇ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਸਾਰੇ ਕੰਮ ਜ਼ੁਬਾਨੀ ਹੀ ਹੋ ਜਾਣਗੇ ਤਾਂ ਫਿਰ ਖੇਤੀ ਕਾਨੂੰਨਾਂ ਦੀ ਕੀ ਲੋੜ ਸੀ।
Punjab youth at Delhi protest
ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਖੇਤਾਂ ‘ਚ ਕੰਮ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਰੁਜ਼ਗਾਰ ਕਰ ਰਿਹਾ ਹੈ। ਖੇਤੀ ਸਾਨੂੰ ਸਾਡੇ ਪੁਰਖਿਆਂ ਵੱਲੋਂ ਦਿੱਤੀ ਗਈ ਹੈ, ਇਸ ‘ਚ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਖੇਤੀ ਸਾਡਾ ਰਵਾਇਤੀ ਕਿੱਤਾ ਹੈ, ਸਰਕਾਰ ਇਸ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ। ਸਰਕਾਰ ਕੋਲੋਂ ਪੰਜਾਬ ਦਾ ਖੁਸ਼ਹਾਲ ਕਿਸਾਨ ਦੇਖਿਆ ਨਹੀਂ ਜਾ ਰਿਹਾ।
Punjab youth at Delhi protest
ਹਰਜੀਤ ਗਰੇਵਾਲ ਦੇ ਬਿਆਨ ਦਾ ਜਵਾਬ ਦਿੰਦਿਆਂ ਨੌਜਵਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਉਹ ਬਿਆਨਬਾਜ਼ੀਆਂ ਕਰ ਰਹੇ ਹਨ, ਇਹੀ ਕਾਰਨ ਹੈ ਕਿ ਲੋਕ ਉਹਨਾਂ ਨੂੰ ਜਾਣਨ ਲੱਗ ਪਏ। ਪਰ ਉਹ ਪੰਜਾਬ ‘ਚ ਬਲਾਕ ਸੰਮਤੀ ਦੀਆਂ ਚੋਣਾਂ ਵੀ ਨਹੀਂ ਜਿੱਤ ਸਕਦੇ।
Punjab youth at Delhi protest
ਸਰਕਾਰ ਕਹਿ ਰਹੀ ਹੈ ਕਿ ਖੇਤੀ ਕਾਨੂੰਨਾਂ ਦੀ ਇਮਾਰਤ ਉਹੀ ਰਹੇਗੀ, ਵਿਚਕਾਰ ਜੋ ਮਰਜ਼ੀ ਬਦਲਾਅ ਕਰਵਾ ਲਵੋ ਪਰ ਜਿਹੜੇ ਘਰ ਦੀ ਨੀਂਹ ਹੀ ਗਲਤ ਹੈ, ਉਸ ਨੂੰ ਸਹੀ ਕਿਵੇਂ ਕੀਤਾ ਜਾ ਸਕਦਾ। ਇਹ ਕਾਨੂੰਨ ਸਾਨੂੰ ਮਨਜ਼ੂਰ ਨਹੀਂ ਹਨ ਤੇ ਅਸੀਂ ਇਹਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ ਕਿਉਂਕਿ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਜਵਾਬਦੇਹ ਹਾਂ।