
ਇਹ ਮੋਰਚਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਲਈ ਤਿਆਰ ਹੈ ਅਤੇ ਇਸ ਮੋਰਚੇ ਦਾ ਮੁੱਖ ਚਿਹਰਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਣਗੇ।
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ 22 ਕਿਸਾਨ ਜਥੇਬੰਦੀਆਂ ਨੇ ਅਪਣਾ ਅਲੱਗ ਮੋਰਚਾ ਬਣਾਇਆ ਹੈ ਜਿਸ ਦਾ ਨਾਮ 'ਸੰਯੁਕਤ ਸਮਾਜ ਮੋਰਚੇ' ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਸਿਆਸਤ ਵਿਚ ਪੈਰ ਧਰ ਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਲਈ ਤਿਆਰ ਹੈ ਅਤੇ ਇਸ ਮੋਰਚੇ ਦਾ ਮੁੱਖ ਚਿਹਰਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਣਗੇ।
ਇਸ ਦੌਰਾਨ ਬਲਬੀਰ ਰਾਜੇਵਾਲ ਨੇ ਕਿਹਾ ਕਿ ਲੋਕਾਂ ਦੀ ਮੰਗ ਸੀ ਅਤੇ ਲੋਕਾਂ ਮੁਤਾਬਕ ਹੀ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਿਆਸੀ ਸਿਸਟਮ ਬਹੁਤ ਗੰਦਾ ਹੋ ਗਿਆ ਹੈ, ਜਿਸ ਨੂੰ ਸੁਧਾਰਨ ਦੀ ਲੋੜ ਹੈ। 'ਆਪ' ਨਾਲ ਗਠਜੋੜ ਕਰਨ 'ਤੇ ਬਲਬੀਰ ਰਾਜੇਵਾਲ ਨੇ ਕਿਹਾ ਕਿ ਉਹਨਾਂ ਦੀ 'ਆਪ' ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਬਾਰੇ ਵੀ ਅਜੇ ਕੋਈ ਫੈਸਲਾ ਨਹੀਂ ਹੈ।
ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਹਿਤੈਸ਼ੀ ਲੋਕਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਵੀ ਨਾਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਭ ਨੂੰ ਮਿਲ ਕੇ ਪੰਜਾਬ ਦੇ ਹਾਲਾਤ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਾਨੂੰ ਜਨਤਾ ਦੇ ਸਾਥ ਦੀ ਲੋੜ ਹੈ। ਰਾਜੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਰਵਾਇਤੀ ਪਾਰਟੀਆਂ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ ਹੈ। ਪਿੰਡਾਂ 'ਚ ਲੋਕ ਮੋਰਚੇ ਨੂੰ ਖ਼ੁਦ ਸੰਭਾਲਣ।