
6-7 ਹੋਰ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਜਾਰੀ
ਲੁਧਿਆਣਾ : ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਹੁਣ ਮੁਲਜ਼ਮ ਗਗਨਦੀਪ ਦੇ ਪਰਿਵਾਰ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਉਹਨਾਂ ਨੂੰ ਲੁਧਿਆਣਾ ਲਿਜਾਇਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇਕ ਕਾਂਸਟੇਬਲ ਔਰਤ ਨੂੰ ਹਿਰਾਸਤ 'ਚ ਲਿਆ ਹੈ ਤੇ ਤਸਕਰ ਰਣਜੀਤ ਚੀਤਾ ਵੀ ਪੁਲਿਸ ਦੀ ਹਿਰਾਸਤ ਵਿਚ ਹੈ। ਉਕਤ ਕਾਂਸਟੇਬਲ ਕਮਲਜੀਤ ਕੌਰ ਮ੍ਰਿਤਕ ਗਗਨਦੀਪ ਦੀ ਦੋਸਤ ਦੱਸੀ ਜਾ ਰਹੀ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਕਾਂਸਟੇਬਲ ਔਰਤ ਲੁਧਿਆਣਾ ਦੇ ਇਕ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀ ਦੇ ਦਫ਼ਤਰ 'ਚ ਤਾਇਨਾਤ ਸੀ ਤੇ ਉਸ ਨੇ ਘਟਨਾ ਤੋਂ ਪਹਿਲਾਂ ਗਗਨਦੀਪ ਨਾਲ ਫੋਨ 'ਤੇ ਗੱਲ ਕੀਤੀ ਸੀ। ਇਸ ਨਾਲ ਹੀ ਰਣਜੀਤ ਚੀਤਾ ਵੀ ਗਗਨਦੀਪ ਨਾਲ ਜੇਲ਼੍ਹ ਵਿਚ ਰਹਿ ਚੁੱਕਾ ਹੈ। ਜਾਂਚ ਟੀਮ ਰਣਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਗਈ ਹੈ। ਰਣਜੀਤ ਅਤੇ ਗਗਨਦੀਪ ਇਕੱਠੇ ਜੇਲ੍ਹ ਵਿਚ ਬੰਦ ਸਨ। ਗਗਨਦੀਪ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਆਪਸ ਵਿਚ ਗੱਲਾਂ ਕਰਦੇ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਲੁਧਿਆਣਾ ਕੋਰਟ ਕੰਪਲੈਕਸ ਤੋਂ ਰਣਜੀਤ ਸਿੰਘ ਨਾਲ ਗੱਲਬਾਤ ਵੀ ਕੀਤੀ।
Ranjeet singh
ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗਗਨਦੀਪ ਨੂੰ ਬੰਬ ਕਿਸ ਨੇ ਦਿੱਤਾ ਸੀ। ਕਿੰਨੇ ਹੋਰ ਲੋਕ ਇਸ ਸਾਜ਼ਿਸ਼ ਦਾ ਹਿੱਸਾ ਹਨ? ਇਹ ਪੁਲਿਸ ਲਈ ਵੀ ਮੁਸੀਬਤ ਬਣਿਆ ਹੋਇਆ ਹੈ ਕਿਉਂਕਿ ਇਹ ਸਾਰਾ ਮਾਮਲਾ ਵੱਖਰਾ ਹੈ। ਇਹ ਧਮਾਕਾ ਕਿਉਂ ਅਤੇ ਕਿਸ ਦੇ ਕਹਿਣ 'ਤੇ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।