
ਕੇਜਰੀਵਾਲ ਨੇ ਕਿਹਾ ਕਿ ਮੁੱਕਦੀ ਗੱਲ ਇਹ ਹੈ ਕਿ ਮਸਲਾ ਹੱਲ ਹੋਣਾ ਚਾਹੀਦਾ ਹੈ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਅੰਮ੍ਰਿਤਸਰ - ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਅੰਮ੍ਰਿਤਸਰ ਦੇ ਇਕ ਹੋਟਲ ਪਹੁੰਚੇ ਸਨ ਜਿੱਥੇ ਅੱਜ ਉਹਨਾਂ ਦੀ ਮੁਲਾਕਾਤ ਕੇਜਰੀਵਾਲ ਨਾਲ ਹੋ ਗਈ ਹੈ। ਇਸ ਦੌਰਾਨ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਹੋਏ ਰਾਜਾ ਵੜਿੰਗ ਨੇ ਉਨ੍ਹਾਂ ਤੋਂ ਦਿੱਲੀ ਦੇ ਏਅਰਪੋਰਟ ਤੱਕ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਚਲਾਉਣ ਦੀ ਇਜਾਜ਼ਤ ਮੰਗੀ।
ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਦੇ ਏਅਰਪੋਰਟ ਤੱਕ ਸਿਰਫ਼ ਬਾਦਲਾਂ ਦੀਆਂ ਬੱਸਾਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਬਾਦਲਾਂ ਦਾ ਪਰਿਵਾਰ ਇਕ ਮਗਰਮੱਛ ਦਾ ਪਰਿਵਾਰ ਹੈ, ਜੋ ਮਗਰਮੱਛ ਦੇ ਹੰਝੂ ਵਹਾ ਕੇ ਲੋਕਾਂ ਨੂੰ ਲੁੱਟ ਕੇ ਖਾਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਬੱਸ ਪਬਲਿਕ ਬੱਸ ਹੈ, ਉਸ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਉਨ੍ਹਾਂ ਨੇ ਕਿਹਾ ਕਿ ਬਾਦਲ ਦੀਆਂ 35 ਬੱਸਾਂ ਨਾਜ਼ਾਇਜ਼ ਤਰੀਕੇ ਨਾਲ ਰੋਜ਼ਾਨਾ 27 ਲੱਖ ਰੁਪਏ ਕਮਾ ਰਹੀਆਂ ਹਨ। ਸਾਡੀਆਂ ਬੱਸਾਂ ਨੂੰ ਚੱਲਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ?
ਇਸ ਦੌਰਾਨ ਕੇਜਰੀਵਾਲ ਨੇ ਰਾਜਾ ਵੜਿੰਗ ਨੂੰ ਕਿਹਾ ਕਿ ਅਸੀਂ ਚੈਕਿੰਗ ਕਰਦੇ ਹੋਏ ਬਾਦਲਾਂ ਦੀਆਂ 130 ਬੱਸਾਂ ਦਿੱਲੀ ਆਉਣ ਤੋਂ ਰੋਕ ਦਿੱਤੀਆਂ ਹਨ। ਕੇਜਰੀਵਾਲ ਨੇ ਇਸ ਮੁੱਦੇ ਦੇ ਸਬੰਧ ’ਚ ਬੋਲਦੇ ਹੋਏ ਕਿਹਾ ਕਿ ਉਹ ਆਪ ਇਸ ਬਾਰੇ ਸਾਰੀ ਜਾਣਕਾਰੀ ਏਅਰਪੋਰਟ ਜਾ ਕੇ ਹਾਸਲ ਕਰਨਗੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੁੱਕਦੀ ਗੱਲ ਇਹ ਹੈ ਕਿ ਮਸਲਾ ਹੱਲ ਹੋਣਾ ਚਾਹੀਦਾ ਹੈ ਰਾਜਨੀਤੀ ਨਹੀਂ ਹੋਣੀ ਚਾਹੀਦੀ।