
ਇਹ ਕੇਸ ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਿਚ ਵਿਚਾਰ ਅਧੀਨ ਸੀ।
Punjab News: ਮੋਹਾਲੀ ਸਥਿਤ ਸੀਬੀਆਈ ਦੀ ਅਦਾਲਤ ਨੇ 1992 ਵਿਚ ਦੋ ਨੌਜਵਾਨਾਂ ਨੂੰ ਅਗ਼ਵਾ ਕਰਨ, ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਅਤੇ ਲਾਸ਼ ਨੂੰ ਅਣਪਛਾਤਾ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿਚ ਸਾਬਕਾ ਐਸਐਚਓ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਮੁਲਜ਼ਮਾਂ ਨੂੰ ਦੋਸ਼ੀ ਪਾਇਆ। ਇਹ ਕੇਸ ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਿਚ ਵਿਚਾਰ ਅਧੀਨ ਸੀ।
ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਸਮੇਂ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਗੁਰਬਚਨ ਸਿੰਘ, ਏਐਸਆਈ ਰੇਸ਼ਮ ਸਿੰਘ ਅਤੇ ਪੁਲਿਸ ਮੁਲਾਜ਼ਮ ਹੰਸ ਰਾਜ ਸਿੰਘ ਨੂੰ ਧਾਰਾ 302 ਅਤੇ 120ਬੀ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ। ਸੋਮਵਾਰ ਨੂੰ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਜੇਲ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਸਨ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਪੁਲਿਸ ਅਧਿਕਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿਚ ਮੌਤ ਹੋ ਗਈ ਸੀ ਅਤੇ ਉਸ ਵਿਰੁਧ ਕਾਰਵਾਈ ਰੋਕ ਦਿਤੀ ਗਈ ਸੀ। ਸੀਬੀਆਈ ਅਦਾਲਤ ਵਿਚ ਦਾਇਰ ਚਾਰਜਸ਼ੀਟ ਅਨੁਸਾਰ ਜਗਦੀਪ ਸਿੰਘ ਉਰਫ਼ ਮੱਖਣ ਨੂੰ ਐਸਐਚਓ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ, ਪੁਲਿਸ ਨੇ ਘਰ ਵਿਚ ਗੋਲੀਆਂ ਚਲਾਈਆਂ ਅਤੇ ਮੱਖਣ ਦੀ ਸੱਸ
ਸਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ 18 ਨਵੰਬਰ 1992 ਦੀ ਹੈ। ਇਸ ਤਰ੍ਹਾਂ ਗੁਰਨਾਮ ਸਿੰਘ ਉਰਫ਼ ਪਾਲੀ ਨੂੰ 21 ਨਵੰਬਰ 1992 ਨੂੰ ਐਸ.ਐਚ.ਓ ਗੁਰਬਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਘਰੋਂ ਅਗ਼ਵਾ ਕਰ ਲਿਆ ਸੀ। ਗੁਰਨਾਮ ਸਿੰਘ ਉਰਫ਼ ਪਾਲੀ ਅਤੇ ਜਗਦੀਪ ਸਿੰਘ ਉਰਫ਼ ਮੱਖਣ ਨੂੰ 30 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਝੂਠੇ ਮੁਕਾਬਲੇ ਵਿਚ ਮਾਰ ਦਿਤਾ ਸੀ।