
ਨਹੀਂ ਚਾਹੁੰਦੇ ਕਿ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਤ ਹੋਵੇ, ਕੋਰੋਨਾ ਪਾਬੰਦੀਆਂ ’ਚ ਜਲਦੀ ਦੇਵਾਂਗੇ ਢਿੱਲ : ਕੇਜਰੀਵਾਲ
ਨਵੀਂ ਦਿੱਲੀ, 25 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਤ ਹੋਵੇ, ਇਸ ਲਈ ਜਲਦੀ ਤੋਂ ਜਲਦੀ ਕੋਰੋਨਾ ਪਾਬੰਦੀਆਂ ਵਿਚ ਢਿੱਲ ਦਿਤੀ ਜਾਵੇਗੀ। ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਗਣਤੰਤਰ ਦਿਵਸ ਪ੍ਰੋਗਰਾਮ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਕਿਹਾ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ,‘‘ਕੋਰੋਨਾ ਲਹਿਰਾਂ ਨਾਲ ਸੱਭ ਤੋਂ ਵੱਧ ਨੁਕਸਾਨ ਦਿੱਲੀ ਵਾਲਿਆਂ ਨੂੰ ਹੋਇਆ ਹੈ। ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਰੋਜ਼ੀ-ਰੋਟੀ ’ਤੇ ਅਸਰ ਪਵੇ ਪਰ ਤੁਹਾਡੀ ਸਿਹਤ ਮਹੱਤਵਪੂਰਨ ਹੈ, ਇਸ ਲਈ ਸਾਨੂੰ ਪਾਬੰਦੀਆਂ ਲਗਾਉਣੀਆਂ ਪਈਆਂ।’’
ਦਿੱਲੀ ਸਰਕਾਰ ਨੇ ਕੋਰੋਨਾ ਦੀ ਸਥਿਤੀ ਵਿਚ ਸੁਧਾਰ ਦੇ ਮੱਦੇਨਜ਼ਰ ਹਾਲ ਵਿਚ ਹਫ਼ਤਾਵਾਰ ਕਰਫ਼ਿਊ ਅਤੇ ਦੁਕਾਨਾਂ ਖੋਲ੍ਹਣ ਦੀ ਆਡ-ਈਵਨ ਯੋਜਨਾ ਹਟਾਉਣ ਲਈ ਇਕ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਉਪ ਰਾਜਪਾਲ (ਐਲ.ਜੀ.) ਨੇ ਮਨਜ਼ੂਰ ਕਰ ਦਿਤਾ ਸੀ। ਕੇਜਰੀਵਾਲ ਨੇ ਕਿਹਾ,‘‘ਪਿਛਲੇ ਹਫ਼ਤੇ ਕੁਝ ਵਪਾਰੀ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਡ-ਈਵਨ ਯੋਜਨਾ ਅਤੇ ਹਫ਼ਤਾਵਾਰ ਕਰਫ਼ਿਊ ਕਾਰਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪ ਰਾਜਪਾਲ ਕੁਝ ਪ੍ਰਸਤਾਵਾਂ ’ਤੇ ਸਹਿਮਤ ਹੋਏ ਅਤੇ ਕੁਝ ’ਤੇ ਸਹਿਮਤ ਨਹੀਂ ਹੋਏ। ਅਸੀਂ ਇਨ੍ਹਾਂ ਪਾਬੰਦੀਆਂ ਨੂੰ ਜਲਦੀ ਤੋਂ ਜਲਦੀ ਹਟਾ ਦੇਵਾਂਗੇ।’’
ਸਮਾਗਮ ਵਿਚ ਅਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਤੋਂ ਸੱਭ ਤੋਂ ਵੱਧ ਪ੍ਰਭਾਵਤ ਹਨ, ਜਿਨ੍ਹਾਂ ਨੇ ਇਕ ਜਿਹੇ ਸੁਪਨਿਆਂ ਅਤੇ ਟੀਚਿਆਂ ਲਈ ਵੱਖ-ਵੱਖ ਰਸਤੇ ਅਪਣਾਏ। ਕੇਜਰੀਵਾਲ ਨੇ ਅਮੀਰ ਜਾਂ ਗ਼ਰੀਬ ਸਾਰੇ ਬੱਚਿਆਂ ਲਈ ਮਹੱਤਵਪੂਰਨ ਸਿਖਿਆ ਦੇ ਅੰਬੇਡਕਰ ਦੇ ਸੁਪਨੇ ਨੂੰ ਪੂਰਾ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ ਦੇ ਹਰ ਦਫ਼ਤਰ ਵਿਚ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ। ਕੇਜਰੀਵਾਲ ਨੇ ਲਾਗ ਦੇ ਘੱਟ ਹੁੰਦੇ ਮਾਮਲੇ ਅਤੇ ਦਿੱਲੀ ਵਿਚ ਟੀਕਾਕਰਨ ਮੁਹਿੰਮ ’ਤੇ ਵੀ ਗੱਲ ਕੀਤੀ। (ਪੀਟੀਆਈ)