
ਮਜੀਠੀਆ ਨੂੰ ਹਾਈ ਕੋਰਟ ਤੋਂ ਮਿਲੀ ਤਿੰਨ ਦਿਨ ਦੀ ਰਾਹਤ
ਚੰਡੀਗੜ੍ਹ, 25 ਜਨਵਰੀ (ਗੁਰਉਪਦੇਸ਼ ਭੁੱਲਰ) : ਡਰੱਗ ਮਾਮਲੇ 'ਚ ਐਸ.ਆਈ.ਟੀ ਵਲੋਂ ਦਰਜ ਮਾਮਲੇ 'ਚ ਪੁਲਿਸ ਵਲੋਂ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਰਕਮ ਮਜੀਠੀਆ ਦੀ ਗਿ੍ਫ਼ਤਾਰੀ ਲਈ ਵਖ ਵਖ ਥਾਵਾਂ 'ਤੇ ਗਿ੍ਫ਼ਤਾਰੀ ਦੇ ਚਲਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਥੋੜੀ ਰਾਹਤ ਦਿੰਦੇ ਹੋਏ 3 ਦਿਨਾਂ ਲਈ ਮਜੀਠੀਆ ਦੀ ਗਿ੍ਫ਼ਤਾਰੀ ਉਪਰ ਰੋਕ ਲਗਾ ਦਿਤੀ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹਾਈ ਕੋਰਟ ਨੇ ਮਜੀਠੀਆ ਦੀ ਜਮਾਨਤ ਰੱਦ ਕਰ ਦਿਤੀ ਸੀ ਅਤੇ ਇਸ ਤੋਂ ਬਾਅਦ ਮਜੀਠੀਆ ਰੁਪੋਸ਼ ਹੋ ਗਏ ਸਨ ਪਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅਪਣੀ ਕਾਰਵਾਈ ਅੱਗੇ ਵਧਾਉਂਦੇ ਹੋਏ ਤੁਰਤ ਹੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿਤੀ ਸੀ | ਪਿਛਲੇ 24 ਘੰਟੇ ਤੋਂ ਵੱਧ ਮਜੀਠੀਆ ਦੀ ਰਿਹਾਇਸ਼ ਤੋਂ ਇਲਾਵਾ ਹੋਰ ਵਖ ਵਖ ਥਾਵਾਂ ਉਪਰ ਛਾਪੇਮਾਰੀ ਜਾਰੀ ਸੀ ਕਿ ਅੱਜ ਹਾਈ ਕੋਰਟ ਨੇ ਮਜੀਠੀਆ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤਿੰਨ ਦਿਨਾਂ ਲਈ ਗਿ੍ਫ਼ਤਾਰੀ ਉਪਰ ਰੋਕ ਲਾ ਦਿਤੀ ਹੈ ਤਾਂ ਜੋ ਉਹ ਸੁਪਰੀਮ ਕੋਰਟ 'ਚ ਜਮਾਨਤ ਲੈਣ ਲਈ ਪਹੁੰਚ ਸਕਣ | ਇਸ ਨਾਲ ਮਜੀਠੀਆ ਅਪਣੇ ਨਾਮਜ਼ਦਗੀ ਪੱਤਰ ਵੀ ਭਰ ਸਕਣਗੇ | ਪਰ ਗਿ੍ਫ਼ਤਾਰੀ ਦੀ ਤਲਵਾਰ ਮਜੀਠੀਆ ਉਪਰ ਲਟਕ ਰਹੀ ਹੈ ਅਤੇ ਜਮਾਨਤ ਦਾ ਫ਼ੈਸਲਾ ਸੁਪਰੀਮ ਕੋਰਟ 'ਤੇ ਹੀ ਨਿਰਭਰ ਹੈ | ਬੀਤੇ ਦਿਨੀਂ ਹਾਈ ਕੋਰਟ ਵਲੋਂ ਜਮਾਨਤ ਰੱਦ ਹੋਣ ਬਾਅਦ ਉਨ੍ਹਾਂ ਦੇ ਵਕੀਲ ਨੇ ਸੱਤ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਹਾਈ ਕੋਰਟ ਦੇ ਫ਼ੈਸਲੇ 'ਚ 3 ਦਿਨਾਂ ਦਾ ਸਮਾਂ ਮਿਲਿਆ ਹੈ |