ਸਕੂਟਰ ਚਲਾਉਂਦੇ ਸਮੇਂ ਚਾਈਨਾ ਡੋਰ ਨਾਲ ਕੱਟਿਆ ਗਿਆ ਸੀ ਗਲ਼ਾ
ਮੁੱਲਾਪੁਰ ਦਾਖਾ : ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਰਾਏਕੋਟ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਲਾਈਓਵਰ ਪੁਲ ਨੇੜੇ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਇੱਕ ਸਕੂਟਰ ਸਵਾਰ ਔਰਤ ਦੀ ਦਰਦਨਾਕ ਮੌਤ ਹੋ ਗਈ । ਘਟਨਾ ਦੌਰਾਨ ਔਰਤ ਜ਼ਖਮੀ ਹੋਈ ਸਰਬਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਅਕਾਲਗੜ੍ਹ ਆਪਣੀ ਮਾਸੀ ਦੀ ਧੀ ਦੇ ਵਿਆਹ ਲਈ ਖਰੀਦਦਾਰੀ ਕਰਨ ਵਾਸਤੇ ਸਕੂਟਰੀ ’ਤੇ ਬਾਜ਼ਾਰ ਆਈ ਹੋਈ ਸੀ। ਜਦੋਂ ਉਹ ਫਲਾਈਓਵਰ ਪੁਲ ਨੇੜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੁੱਜੀ ਤਾਂ ਅਚਾਨਕ ਉਸ ਦਾ ਗਲਾ ਚਾਈਨਾ ਡੋਰ ਨਾਲ ਕੱਟ ਗਿਆ ਅਤੇ ਸੰਤੁਲਨ ਵਿਗੜਨ ਕਰਕੇ ਉਹ ਬੈਠੀ ਅਤੇ ਸਕੂਟਰੀ ਤੋਂ ਡਿੱਗ ਪਈ।
ਘਟਨਾ ਮੌਕੇ ਮੌਜੂਦ ਦੁਕਾਨਦਾਰਾਂ ਵੱਲੋਂ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾ ਸਰਬਜੀਤ ਕੌਰ ਰਾਏਕੋਟ ਰੋਡ ’ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਆਪਣੇ ਪਿੱਛੇ ਦੋ ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਸਮਰਾਲਾ ’ਚ ਵੀ ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 15 ਸਾਲਾ ਤਰਨਜੋਤ ਸਿੰਘ ਦੀ ਜਾਨ ਚਲੀ ਗਈ ਸੀ। ਤਰਨਜੋਤ ਸਿੰਘ ਪਰਿਵਾਰ ਦੀ ਇਕਲੌਤੀ ਸੰਤਾਨ ਸੀ।
