
14 ਅਕਤੂਬਰ 2015 ਨੂੰ ਕੋਟਕਪੁਰਾ ਦੇ ਮੇਨ ਚੌਕ ਵਿਚ ਸ਼ਾਂਤੀ ਨਾਲ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਪੁਲਿਸ ਵਲੋਂ ਲਾਠੀਚਾਰਜ ਤੇ ਗੋਲੀ ਚਲਾਉਣ..........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : 14 ਅਕਤੂਬਰ 2015 ਨੂੰ ਕੋਟਕਪੁਰਾ ਦੇ ਮੇਨ ਚੌਕ ਵਿਚ ਸ਼ਾਂਤੀ ਨਾਲ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਪੁਲਿਸ ਵਲੋਂ ਲਾਠੀਚਾਰਜ ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਪੀਏਪੀ ਬਟਾਲੀਅਨ ਚੰਡੀਗੜ੍ਹ ਵਿਖੇ ਦੁਪਹਿਰ 3 ਵਜੇ ਦੇ ਕਰੀਬ ਪਹੁੰਚੇ ਸੁਮੇਧ ਸੈਣੀ ਕੋਲੋਂ ਵਿਸ਼ੇਸ਼ ਜਾਂਚ ਟੀਮ ਮੁਖੀ ਆਈਪੀਐਸ ਪ੍ਰਬੋਧ ਚੰਦਰ ਦੀ ਅਗਵਾਈ ਹੇਠਲੀ ਟੀਮ ਦੇ ਸਮੂਹ ਮੈਂਬਰਾਂ ਦੀ ਮੌਜੂਦਗੀ ਵਿਚ ਪੁੱਛ ਪੜਤਾਲ ਕੀਤੀ ਗਈ। ਹਾਲਾਂਕਿ ਸਿਟ ਮੁਖੀ ਜਾਂ ਕਿਸੇ ਮੈਂਬਰ ਨਾਲ ਸਿੱਧੀ ਗੱਲਬਾਤ ਨਾ ਹੋ ਸਕਣ ਕਾਰਨ ਪੁੱਛ ਪੜਤਾਲ ਦੇ ਵੇਰਵਿਆਂ ਦੀ ਤਾਂ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ
ਪਰ ਸੂਤਰਾਂ ਮੁਤਾਬਕ ਸਿਟ ਵਲੋਂ ਸੈਣੀ ਨੂੰ ਘਟਨਾ ਮੌਕੇ ਬਹਿਬਲ ਕਲਾਂ ਦੇ ਕੋਟਕਪੂਰਾ ਵਿਚ ਅਗਵਾਈ ਕਰ ਰਹੇ ਆਈਜੀ ਪਰਮਰਾਜ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਉੱਥੋਂ ਦੇ ਤਤਕਾਲੀ ਅਕਾਲੀ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗੋਲੀ ਚੱਲਣ ਤੋਂ ਪਹਿਲੀ ਰਾਤ ਤੜਕੇ ਦੋ ਵਜੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ 'ਤੇ ਹੋਈਆਂ ਗੱਲਾਂ ਬਾਰੇ ਸਵਾਲ ਪੁੱਛੇ ਗਏ।ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਟ ਵਲੋਂ ਸੈਣੀ ਨੂੰ ਕੋਟਕਪੁਰਾ ਤੇ ਬਹਿਬਲ ਕਲਾਂ ਵਿਚ ਕਿਸ ਦੇ ਹੁਕਮਾਂ ਉਤੇ ਗੋਲੀ ਚੱਲੀ ਬਾਰੇ ਵੀ ਪੱਖ ਰੱਖਣ ਲਈ ਕਿਹਾ ਗਿਆ।
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਦੀ ਪੁੱਛ ਪੜਤਾਲ ਦੌਰਾਨ ਸਾਬਕਾ ਡੀਜੀਪੀ ਅਪਣੇ ਹਾਲੀਆ ਮੀਡੀਆ ਬਿਆਨਾਂ ਅਤੇ ਦਾਅਵਿਆਂ ਉਤੇ ਕਾਇਮ ਰਹੇ ਦੱਸੇ ਜਾਂਦੇ ਹਨ। ਮੰਨਿਆ ਜਾ ਰਿਹਾ ਕਿ ਸੈਣੀ ਤੋਂ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਬਾਦਲ ਤੋਂ ਦੁਬਾਰਾ ਪੁੱਛਗਿੱਛ ਹੋ ਸਕਦੀ ਹੈ। ਇਸ ਮਾਮਲੇ ਵਿਚ ਸਿਟ ਵਲੋਂ ਪਹਿਲਾਂ ਹੀ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਕੋਲੋਂ ਰਾਮ ਰਹੀਮ ਮਾਫ਼ੀ ਮਾਮਲੇ ਵਿਚ ਭੂਮਿਕਾ ਬਾਰੇ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ।
ਦਸਣਯੋਗ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਵੀ ਅੱਜ ਪੰਜਾਬ ਪੁਲਿਸ ਹੈੱਡ ਕੁਅਰਟਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿੱਥੇ ਕਿ ਅੱਜ ਸਵੇਰ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋਂ 2015 ਵਿਚ ਗੋਲੀਕਾਂਡ ਵਾਪਰਣ ਮੌਕੇ ਬਣਾਈ ਗਈ ਆਈਪੀਐਸ ਸਹੋਤਾ ਦੀ ਅਗਵਾਈ ਵਿਚ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਮੌਜੂਦਾ ਆਈਪੀਐਸ ਪ੍ਰਬੋਧ ਚੰਦਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੂੰ ਮਿਲੀ।