
ਕਿਸਾਨਾਂ ਲਈ ਪੱਖੇ ਤਿਆਰ ਕਰ ਰਿਹਾ ਸਾਬਕਾ ਹੌਲਦਾਰ ਹਰਜੀਤ ਸਿੰਘ
ਅੰਮ੍ਰਿਤਸਰ: ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਤਿੰਨ ਮਹੀਨਿਆਂ ਤੋਂ ਵਧੇਰੇ ਸਮਾਂ ਬੀਤ ਚੁੱਕਿਆ ਹੈ। ਅੱਤ ਦੀ ਠੰਡ ਤੋਂ ਬਾਅਦ ਬਹਾਰ ਅਤੇ ਅੱਗੇ ਸਖਤ ਗਰਮੀ ਦਾ ਮੌਸਮ ਆਉਣ ਵਾਲਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮਸਲੇ ਦੇ ਛੇਤੀ ਹੱਲ ਨਿਕਲਣ ਦੀਆਂ ਸੰਭਾਵਨਾਵਾਂ ਮੱਧਮ ਵਿਖਾਈ ਦੇ ਰਹੀਆਂ ਹਨ। ਕਿਸਾਨ ਸ਼ੁਰੂ ਤੋਂ ਹੀ 6-6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਰਹੇ ਹਨ। ਕਿਸਾਨਾਂ ਦੀ ਇਹ ਭਵਿੱਖੀ ਸੋਚ ਸੱਚ ਸਾਬਤ ਹੁੰਦੀ ਵਿਖਾਈ ਦੇ ਰਹੀ ਹੈ।
save farmers from heat
ਹੁਣ ਕਿਸਾਨਾਂ ਨੇ ਅਗਲੇਰੇ ਗਰਮੀ ਦੇ ਮੌਸਮ ਨਾਲ ਨਜਿੱਠਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸਰਦੀਆਂ ਵਾਂਗ ਹੁਣ ਗਰਮੀ ਤੋਂ ਬਚਾਅ ਲਈ ਲੋੜੀਂਦੇ ਸਮਾਨ ਦੀ ਭਰਪਾਈ ਲਈ ਦਾਨੀ ਸੱਜਣਾਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਲੋਕ ਕਿਸਾਨੀ ਅੰਦੋਲਨ ਵਿਚ ਵਿੱਤ ਮੁਤਾਬਕ ਯੋਗਦਾਨ ਪਾ ਕੇ ਖੁਦ ਦੇ ਧੰਨ ਭਾਗ ਸਮਝ ਰਹੇ ਹਨ।
save farmers from heat
ਸਰਦੀਆਂ ਦੇ ਮੌਸਮ ਦੇ ਹਿਸਾਬ ਨਾਲ ਪਹਿਲਾਂ ਲੋਕ ਕੰਬਲ-ਰਜਾਈਆਂ, ਗੀਜ਼ਰ ਸਮੇਤ ਹੋਰ ਨਿਕ-ਸੁਕ ਸੰਘਰਸ਼ੀ ਸਥਾਨਾਂ ਵੱਲ ਪਹੁੰਚਾ ਰਹੇ ਸਨ, ਹੁਣ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੱਖੇ, ਕੂਲਰ, ਮੱਛਰਦਾਨੀਆਂ ਸਮੇਤ ਹੋਰ ਲੋੜੀਂਦਾ ਸਮਾਨ ਭੇਜਣ ਦੀ ਤਿਆਰੀ ਕਰ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਤੋਂ ਇਕ ਸਾਬਕਾ ਸੈਨਾ ਦੇ ਹੌਲਦਾਰ ਹਰਜੀਤ ਸਿੰਘ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ ਲਈ ਮੋਰਚੇ ਵਿਚ ਪੱਖੇ ਭੇਜਣ ਦਾ ਫੈਸਲਾ ਕੀਤਾ ਹੈ। ਹਰਜੀਤ ਸਿੰਘ ਕੁਝ ਕਾਰੀਗਰਾਂ ਦੀ ਮਦਦ ਨਾਲ ਖੁਦ ਪੱਖੇ ਤਿਆਰ ਕਰ ਰਿਹਾ ਹੈ।
save farmers from heat
ਹੁਣ ਤੱਕ ਉਨ੍ਹਾਂ 80 ਦੇ ਕਰੀਬ ਪੱਖੇ ਤਿਆਰ ਕਰ ਲਏ ਹਨ ਤੇ 50 ਦੇ ਕਰੀਬ ਹੋ ਤਿਆਰ ਕਰ ਰਹੇ ਹਨ। ਹਰਜੀਤ ਸਿੰਘ ਮੁਤਾਬਕ 5 ਮਾਰਚ ਨੂੰ ਜੋ ਜਥਾ ਅੰਮ੍ਰਿਤਸਰ ਤੋਂ ਰਵਾਨਾ ਹੋਏਗਾ, ਉਸ ਦੀ ਹਰ ਟਰਾਲੀ ਵਿਚ ਇੱਕ ਪੱਖਾ ਲਾ ਕੇ ਦਿੱਤਾ ਜਾਏਗਾ ਤਾਂ ਜੋ ਕਿਸਾਨਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।
save farmers from heat
ਇਸੇ ਤਰ੍ਹਾਂ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਤੋਂ ਵੀ ਗਰਮੀਆਂ ਦੇ ਮੌਸਮ ਲਈ ਸਾਜੋ-ਸਮਾਨ ਇਕਾਤਰ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮੋਰਚੇ ਵਾਲੀਆਂ ਥਾਵਾਂ 'ਤੇ ਬਿਜਲੀ ਕੁਨੈਕਸ਼ਨ ਲੈਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਕੁਨੈਕਸ਼ਨ ਨਾ ਮਿਲਣ ਦੀ ਸੂਰਤ ਵਿਚ ਕਿਸਾਨਾਂ ਵੱਲੋਂ ਜਨਰੇਟਰਾਂ ਰਾਹੀ ਬਿਜਲੀ ਦੀ ਪੂਰਤੀ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।