
ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਇਕ ਮਹੀਨੇ ਵਿਚ ਤੀਜੀ ਵਾਰ ਵਾਧਾ
400 ਵਾਲਾ ਸਿਲੰਡਰ 800 ਤੇ ਪਹੁੰਚਿਆ
ਨਵੀਂ ਦਿੱਲੀ, 25 ਫ਼ਰਵਰੀ : ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਫ਼ਰਵਰੀ ਮਹੀਨੇ ਵਿਚ ਤੀਜੀ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕਰ ਕੇ ਖਪਤਕਾਰਾਂ ਨੂੰ ਕਰਾਰਾ ਝਟਕਾ ਦਿਤਾ ਹੈ | 14.2 ਕਿਲੋ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਇਕ ਵਾਰ ਮੁੜ 25 ਰੁਪਏ ਵੱਧ ਗਈ ਹੈ | ਹੁਣ ਸਬਸਿਡੀ ਤੋਂ ਬਾਅਦ 14.2 ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 769 ਰੁਪਏ ਤੋਂ ਵੱਧ ਕੇ 794 ਰੁਪਏ ਹੋ ਗਈ ਹੈ | ਵਧੀਆਂ ਹੋਈਆਂ ਕੀਮਤਾਂ 25 ਫ਼ਰਵਰੀ 2021 ਤੋਂ ਲਾਗੂ ਹੋ ਗਈਆਂ ਹਨ | ਜ਼ਿਕਰਯੋਗ ਹੈ ਕਿ ਇਸ ਮਹੀਨੇ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਤੀਜੀ ਵਾਰ ਵਾਧਾ ਹੋਇਆ ਹੈ | ਸਰਕਾਰ ਨੇ ਪਹਿਲਾਂ 4 ਫ਼ਰਵਰੀ ਨੂੰ 25 ਰੁਪਏ ਦਾ ਵਾਧਾ ਕੀਤਾ | ਮੁੜ 15 ਫ਼ਰਵਰੀ ਨੂੰ 50 ਰੁਪਏ ਵਧਾਏ ਗਏ ਅਤੇ ਹੁਣ ਤੀਜੀ ਵਾਰ ਮੁੜ ਤੋਂ 25 ਰੁਪਏ ਦਾ ਵਾਧਾ ਕੀਤਾ ਹੈ | 1 ਦਸੰਬਰ ਤੋਂ ਗੈਸ ਸਿਲੰਡਰ 594 ਰੁਪਏ ਤੋਂ ਵੱਧ ਕੇ 644 ਰੁਪਏ ਹੋਇਆ ਸੀ | (ਏਜੰਸੀ)