
ਪੰਜਾਬ ਤੇ ਹਰਿਆਣਾ ਦੇ ਕਿਸਾਨ ਟਿਕੈਤ ਦੇ ਬਿਆਨਾਂ 'ਤੇ ਭਰੋਸਾ ਨਾ ਕਰਨ: ਬਿੱਟੂ
ਚੰਡੀਗੜ੍ਹ, 25 ਫ਼ਰਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਤਿੱਖੇ ਹਮਲੇ ਕੀਤੇ ਹਨ | ਅੱਜ ਉਨ੍ਹਾਂ ਇਕ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਟਿਕੈਤ ਦੇ ਬਿਆਨਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਅਪਣੇ ਸੂਬੇ ਦੇ ਆਗੂਆਂ ਮਗਰ ਲੱਗ ਕੇ ਹੀ ਚਲਣ | ਬਿੱਟੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਟਿਕੈਤ ਭੜਕਾਊ ਬਿਆਨ ਦਿੰਦਾ ਹੈ ਤੇ ਬਾਅਦ ਵਿਚ ਆਪ ਪਿਛੇ ਹੱਟ ਜਾਂਦਾ ਹੈ |
ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਵੀ ਦਿੱਲੀ ਵਿਚ ਦਾਖ਼ਲ ਹੋਣ ਬਾਰੇ ਉਸ ਨੇ ਭੜਕਾਊ ਬਿਆਨ ਦਿਤੇ ਸਨ ਪਰ ਬਾਅਦ ਵਿਚ ਆਪ ਪਿਛੇ ਹਟ ਗਿਆ ਪਰ ਗਾਜ਼ੀਪੁਰ ਬਾਰਡਰ ਦੇ ਨੌਜਵਾਨਾਂ ਨੇ ਉਸ ਦੇ ਬਿਆਨਾਂ 'ਤੇ ਭੜਕ ਕੇ ਦਿੱਲੀ ਵੱਲ ਜਾ ਕੇ ਗੜਬੜੀ ਕੀਤੀ ਜਿਸ ਦਾ ਨਤੀਜਾ ਹੈ ਕਿ ਸੈਂਕੜੇ ਨੌਜਵਾਨਾਂ 'ਤੇ ਕੇਸ ਦਰਜ ਹੋਏ ਤੇ ਸੈਂਕੜੇ ਜੇਲਾਂ ਵਿਚ ਬੰਦ ਹਨ | ਬਿੱਟੂ ਨੇ ਕਿਹਾ ਕਿ ਟਿਕੈਤ ਕਦੇ ਵੀ ਇਨ੍ਹਾਂ ਨੌਜਵਾਨਾਂ ਦਾ ਪਤਾ ਲੈਣ ਕਿਸੇ ਜੇਲ ਵਿਚ ਨਹੀਂ ਗਿਆ ਅਤੇ ਹੁਣ ਫਿਰ ਸੰਸਦ ਘੇਰਨ ਲਈ 40 ਲੱਖ ਟਰੈਕਟਰ ਦਿੱਲੀ ਵਿਚ ਵਾimageੜਨ ਦੇ ਭੜਕਾਊ ਐਲਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਨੌਜਵਾਨਾਂ ਨੂੰ ਸੋਚ ਸਮਝ ਕੇ ਕਦਮ ਚੁਕਣਾ ਚਾਹੀਦਾ ਹੈ | ਬਿੱਟੂ ਨੇ ਕਿਹਾ ਕਿ ਅਸੀ ਤਾਂ ਸ਼ੁਰੂ ਹੋ ਰਹੇ ਸੰਸਦ ਦੇ ਸੈਸ਼ਨ ਵਿਚ ਖੇਤੀ ਬਿਲਾਂ ਵਿਰੁਧ ਪੂਰੀ ਆਵਾਜ਼ ਚੁਕਾਂਗੇ |