
ਪੇਸ਼ੀ ਭੁਗਤਣ ਆਏ ਸੰਜੇ ਸਿੰਘ ਤੇ ਮਜੀਠੀਆ ਦੀਆਂ 'ਵੋਟਾਂ' ਤੋਂ ਪਹਿਲਾਂ ਹੀ ਹੋ ਗਈਆਂ 'ਚੋਟਾਂ'
'ਭਾਗ ਸੰਜੇ ਭਾਗ': ਮਜੀਠੀਆ
ਲੁਧਿਆਣਾ, 25 ਫ਼ਰਵਰੀ (ਪ੍ਰਮੋਦ ਕੌਸ਼ਲ): ਵੀਰਵਾਰ ਨੂੰ ਲੁਧਿਆਣਾ ਵਿਖੇ ਅਦਾਲਤ ਵਿਚ ਪੇਸ਼ੀ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਪੇਸ਼ੀ ਭੁਗਤਣ ਮਗਰੋਂ 'ਚੋਟਾਂ' ਹੋ ਗਈਆਂ | ਵੋਟਾਂ ਤੋਂ ਪਹਿਲਾਂ ਹੋਈਆਂ ਇਨ੍ਹਾਂ ਚੋਟਾਂ ਨੇ ਸਿਆਸੀ ਹਲਕਿਆਂ ਵਿਚ ਖ਼ੂਬ ਗਰਮੀ ਲਿਆਂਦੀ ਤੇ ਦੋਵੇਂ ਆਗੂ ਮੀਡੀਆ ਸਾਹਮਣੇ ਇਕ ਦੂਸਰੇ 'ਤੇ ਹਾਵੀ ਹੋਣ ਦੀ ਕੋਸ਼ਿਸ਼ ਵਿਚ ਦਿਖਾਈ ਦਿਤੇ |
ਆਪੋ ਅਪਣੇ ਸਮਰਥਕਾਂ ਨਾਲ ਅਦਾਲਤ ਵਿਚ ਪਹੁੰਚੇ ਦੋਵਾਂ ਆਗੂਆਂ ਨੇ ਇਕ ਦੂਜੇ 'ਤੇ ਸ਼ਬਦੀ ਹਮਲੇ ਕੀਤੇ | ਦੋਵਾਂ ਧਿਰਾਂ ਦੇ ਵਕੀਲਾਂ ਦਰਮਿਆਨ ਕਰੀਬ ਅੱਧਾ ਘੰਟਾ ਤਕ ਬਹਿਸ ਹੋਈ ਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 4 ਮਾਰਚ ਦੀ ਤਰੀਕ ਦਿਤੀ ਹੈ | ਦਸਣਾ ਬਣਦਾ ਹੈ ਕਿ ਇਹ ਮਾਮਲਾ 2016 ਦਾ ਹੈ |
ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਸਾਹਮਣੇ ਗੱਲਬਾਤ ਕਰਦਿਆਂ ਕਿਹਾ 'ਭਾਗ ਸੰਜੇ ਭਾਗ' | ਉਨ੍ਹਾਂ ਕਿਹਾ ਕਿ ਸੰਜੇ ਸਿੰਘ ਅਦਾਲਤੀ ਕਾਰਵਾਈ ਤੋਂ ਭੱਜ ਰਿਹਾ ਹੈ ਅਤੇ ਇਹੋ ਵਜ੍ਹਾ ਹੈ ਕਿ ਇਹ ਪਹਿਲਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਗਏ ਜਿਥੇ ਇਨ੍ਹਾਂ ਦੀ ਅਪੀਲ ਰੱਦ ਹੋ ਗਈ | ਉਨ੍ਹਾਂ ਕਿਹਾ ਕਿ ਮਾਣਹਾਨੀ ਦੇ ਇਸ ਮੁਕੱਦਮੇ ਵਿਚ ਸੰਜੇ ਸਿੰਘ ਨੂੰ ਸਜ਼ਾ ਹੋਵੇਗੀ ਅਜਿਹਾ ਉਨ੍ਹਾਂ ਨੂੰ ਯਕੀਨ ਹੈ | ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ (ਸੰਜੇ ਸਿੰਘ) ਦੇ ਲੀਡਰ ਨੇ ਮਾਫ਼ੀ ਮੰਗ ਲਈ ਤੇ ਫਿਰ ਉਹ (ਮਜੀਠੀਆ) ਇਨ੍ਹਾਂ ਨੂੰ ਤੇ ਕੁੱਝ ਸਮਝਦੇ ਹੀ ਨਹੀਂ | ਮਜੀਠੀਆ ਨੇ ਕਿਹਾ ਕਿ ਗ਼ਲਤ ਬਿਆਨਬਾਜ਼ੀ ਕਰ ਕੇ ਜੇ ਹੁਣ ਇਹ ਭੱਜਣਾ ਚਾਹੁੰਣਗੇ ਤਾਂ ਉਹ ਨਹੀਂ ਹੋਣਾ |
Ldh_Parmod_25_7: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ (ਫੋਟੋ: ਰਾਜੂ ਮਹੰਤ)
Ldh_Parmod_25_8: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪ ਆਗੂ ਸੰਜੇ ਸਿੰਘ (ਫੋਟੋ: ਰਾਜੂ ਮਹੰਤ)