
ਹਾਲਾਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਖਾਣ-ਪੀਣ ਅਤੇ ਰਹਿਣ ਵਿਚ ਵੀ ਆ ਰਹੀ ਹੈ ਮੁਸ਼ਕਿਲ
ਫਰੀਦਕੋਟ : ਯੂਕਰੇਨ ਤੇ ਰੂਸ ਵਿਚਾਲੇ ਜੰਗ ਛਿੜਨ ਕਾਰਨ ਵਿਗੜੇ ਹਾਲਾਤ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦੇ ਮਾਪੇ ਡਾਹਢੇ ਚਿੰਤਤ ਹਨ ਅਤੇ ਲਗਾਤਾਰ ਸਰਕਾਰ ਨੂੰ ਉਨ੍ਹਾਂ ਦੇ ਬਚੇ ਸਹੀ ਸਲਾਮਤ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੇ ਹਨ। ਇਸ ਤਰ੍ਹਾਂ ਹੀ ਉਥੋਂ ਵਾਪਸ ਆਈ ਫ਼ਰੀਦਕੋਟ ਦੀ ਲੜਕੀ ਜਤਿੰਦਰ ਜੀਤ ਕੌਰ ਨੇ ਯੂਕਰੇਨ ਦੇ ਬੱਦਤਰ ਹੁੰਦੇ ਜਾ ਰਹੇ ਹਾਲਾਤ ਬਾਰੇ ਜਾਣਕਾਰੀ ਦਿੱਤੀ।
Girl returning from Ukraine describes situation in Ukraine
ਦੱਸ ਦੇਈਏ ਕਿ ਜਤਿੰਦਰ ਯੂਕਰਨੇ 'ਚ ਜੰਗ ਲੱਗਣ ਤੋਂ 3 ਦਿਨ ਪਹਿਲਾਂ ਹੀ ਭਾਰਤ ਪਰਤੀ ਸੀ। ਪਰ ਉਹ ਲਗਾਤਾਰ ਆਪਣੇ ਸਾਥੀਆਂ ਦੇ ਸੰਪਰਕ 'ਚ ਹੈ ਜੋ ਉਥੇ ਅਜੇ ਤੱਕ ਫਸੇ ਹੋਏ ਹਨ। ਜਤਿੰਦਰ ਕੌਰ ਨੇ ਦੱਸਿਆ ਕਿ ਯੂਕਰੇਨ 'ਚ ਹਾਲਾਤ ਇੰਨੇ ਬੱਦਤਰ ਹੋ ਗਏ ਹਨ ਕਿ ਬੱਚਿਆਂ ਨੂੰ ਮੈਟਰੋ ਸਟੇਸ਼ਨਾਂ 'ਤੇ ਆਸਰਾ ਲੈਣਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਖਾਣ ਪੀਣ ਆਦਿ ਤੋਂ ਵੀ ਮੁਸ਼ਕਿਲ ਆ ਰਹੀ ਹੈ।
ਇਸ ਮੌਕੇ ਜਤਿੰਦਰ ਨੇ ਗਲਬਾਤ ਕਰਦਿਆਂ ਦੱਸਿਆ ਕਿ ਉਹ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਤਣਾਅ ਵਾਲਿਆਂ ਖਬਰਾਂ ਕਾਫੀ ਸਮੇਂ ਤੋਂ ਚਲ ਰਹੀਆਂ ਸਨ ਪਰ ਉਦੋਂ ਸ਼ਹਿਰਾਂ ਵਿਚ ਹਾਲਾਤ ਕਾਫੀ ਠੀਕ ਸਨ। ਆਉਣ ਵਾਲੇ ਦਿਨਾਂ ਵਿਚ ਹਾਲਾਤ ਖ਼ਰਾਬ ਹੋਣ ਬਾਰੇ ਜਦੋਂ ਘਰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਵਾਰ-ਵਾਰ ਕਹਿਣ 'ਤੇ ਉਹ ਭਾਰਤ ਵਾਪਸ ਆ ਗਏ ਹਨ। ਉਨ੍ਹਾਂ ਦੱਸਿਆ ਕਿ ਉਹ 20 ਫਰਵਰੀ ਨੂੰ ਉਥੋਂ ਚੱਲੇ ਅਤੇ 21 ਫਰਵਰੀ ਨੂੰ ਭਾਰਤ ਪਹੁੰਚ ਗਏ ਸਨ।
Girl returning from Ukraine describes situation in Ukraine
ਜਤਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਦੋਸਤਾਂ ਨਾਲ ਲਗਾਤਾਰ ਰਾਬਤਾ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਇਹ ਹੀ ਦੱਸਿਆ ਹੈ ਕਿ ਉਥੇ ਰਹਿੰਦੇ ਵਿਦੇਸ਼ੀ ਅਤੇ ਸਥਾਨਕ ਨਾਗਰਿਕਾਂ ਨੂੰ ਮੈਟਰੋ ਸਟੇਸ਼ਨ ਅਤੇ ਅੰਡਰ ਗਰਾਉਂਡ ਥਾਵਾਂ 'ਤੇ ਰਹਿਣ ਦੀ ਹਦਾਇਤ ਦਿਤੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਬਚੇ ਹੋਸਟਲ ਵਿਚ ਰਹਿ ਰਹੇ ਹਨ ਉਨ੍ਹਾਂ ਨੂੰ ਉਥੇ ਹੀ ਰੁਕਣ ਲਈ ਕਿਹਾ ਗਿਆ ਹੈ ਜੋ ਆਪਣੇ ਨੇੜੇ ਦੀ ਮੈੱਸ ਵਿਚੋਂ ਹੀ ਖਾਣਾ ਖਾਂਦੇ ਹਨ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਸ਼ਹਿਰ ਸਰਹੱਦਾਂ ਤੋਂ ਦੂਰ ਹਨ ਉਥੇ ਰਹਿ ਰਹੇ ਬੱਚਿਆਂ ਨੂੰ ਵੀ ਕੱਢਣ ਲਈ ਯਤਨ ਕੀਤੇ ਜਾਣ ਕਿਉਂਕਿ ਉਥੇ ਕੋਈ ਵੀ ਆਵਾਜਾਈ ਕੰਮ ਨਹੀਂ ਕਰ ਰਹੀ ਹੈ ਅਤੇ ਜਿਹੜੇ ਲੋਕ ਅਤੇ ਬਚੇ ਉਥੇ ਫਸੇ ਹਨ ਉਨ੍ਹਾਂ ਲਈ ਬਹੁਤ ਮੁਸ਼ਕਲ ਦਾ ਸਮਾਂ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਯੂਕਰੇਨ 'ਚੋਂ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਬਾਹਰ ਕੱਢਣਾ ਸ਼ੂਰੂ ਕਰ ਦਿਤਾ ਹੈ ਜਿਸ ਮਗਰੋਂ ਬੱਚਿਆਂ ਦੇ ਮਾਪਿਆਂ 'ਚ ਕੁੱਝ ਉਮੀਦ ਜਾਗੀ ਹੈ।