
ਸੁਲਤਾਨਪੁਰ ਲੋਧੀ ਦੀ ਗੁਰਲੀਨ ਤੇ ਮੁਸਕਾਨ ਯੂਕਰੇਨ ’ਚ ਫਸੀਆਂ
ਸੁਲਤਾਨਪੁਰ ਲੋਧੀ, 26 ਫ਼ਰਵਰੀ (ਪਪ) : ਜ਼ਿਲ੍ਹਾ ਕਪੂਰਥਲਾ ਦੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਦੀ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਗਈ ਗੁਰਲੀਨ ਕੌਰ (ਪੁੱਤਰੀ ਸੁਖਵਿੰਦਰ ਸਿੰਘ ਪੁੱਤਰ ਸਾਧੂ ਸਿੰਘ) ਦੀ ਸਲਾਮਤੀ ਅਤੇ ਘਰ ਵਾਪਸੀ ਲਈ ਉਨ੍ਹਾਂ ਦੇ ਮਾਪਿਆਂ ਵਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਸੁਮੀ ਸਟੇਟ ਯੂਨੀਵਰਸਿਟੀ ਵਿਚ ਜੰਗ ਦੌਰਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਦੀ ਗੁਰਲੀਨ ਕੌਰ ਨਾਲ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਪੰਡੋਰੀ ਦੀ ਵਿਦਿਆਰਥਣ ਮੁਸਕਾਨ ਥਿੰਦ ਵੀ ਹੈ, ਜੋ ਯੂਨੀਵਰਸਿਟੀ ਦੇ ਵਿਦਿਆਰਥਣਾਂ ਹੋਸਟਲ ਦੇ ਬੰਕਰ ’ਚ ਲੁਕਣ ਨੂੰ ਮਜਬੂਰ ਹੋ ਚੁੱਕੀਆਂ ਹਨ।
ਜਾਣਕਾਰੀ ਦਿੰਦੇ ਹੋਏ ਮਾਸਟਰ ਸੁਖਵਿੰਦਰ ਸਿੰਘ ਹੈਬਤਪੁਰ ਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਨੇ ਦਸਿਆ ਕਿ ਯੂਕਰੇਨ ਦੀ ਸਰਕਾਰ ਨੇ ਉਨ੍ਹਾਂ ਨੂੰ ਹੋਸਟਲ ਦੇ ਰੂਮ ਅੰਦਰ ਹੀ ਰਹਿਣ ਲਈ ਕਿਹਾ ਹੈ। ਹੋਰ ਜਾਣਕਾਰੀ ਅਨੁਸਾਰ ਹੈਬਤਪੁਰ ਦੀ ਗੁਰਲੀਨ ਕੌਰ ਅਤੇ ਪੰਡੋਰੀ ਦੀ ਮੁਸਕਾਨ ਥਿੰਦ ਦੀ 26 ਫ਼ਰਵਰੀ ਨੂੰ ਫ਼ਲਾਈਟ ਸੀ ਪਰ ਐਨ ਮੌਕੇ ’ਤੇ ਵਿਗੜੇ ਹਾਲਾਤ ਕਾਰਨ ਸਾਰੀਆਂ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਸਨ। ਉਨ੍ਹਾਂ ਨੂੰ ਭਾਰਤੀ ਦੂਤਾਘਰ ਵਲੋਂ ਜਲਦੀ ਹੀ ਭਾਰਤ ਭੇਜਣ ਦਾ ਭਰੋਸਾ ਦਿਤਾ ਜਾ ਰਿਹਾ ਹੈ। ਦੂਜੇ ਪਾਸੇ ਮਾਪੇ ਅਪਣੀਆਂ ਵਿਦੇਸ਼ ਪੜ੍ਹਾਈ ਕਰਨ ਗਈਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਬੇਟੀਆਂ ਨਾਲ ਫ਼ੋਨ ਕਰ ਕੇ ਉਨ੍ਹਾਂ ਦੀ ਸਾਰ ਲੈ ਰਹੇ ਹਨ । ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤੀ ਬੱਚਿਆਂ ਦੀ ਵਾਪਸੀ ਦਾ ਤੁਰਤ ਪ੍ਰਬੰਧ ਕੀਤਾ ਜਾਵੇ।
ਪਿੰਡ ਹੈਬਤਪੁਰ ਦੇ ਵਸਨੀਕ ਹੈੱਡਮਾਸਟਰ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਨੇ ਹੋਰ ਦਸਿਆ ਕਿ ਉਨ੍ਹਾਂ ਦੀ ਕੁੜੀ ਗੁਰਲੀਨ ਕੌਰ ਯੂਕਰੇਨ ਦੀ ਸੁਮੀ ਯੂਨੀਵਰਸਿਟੀ ਵਿਚ ਐਮ. ਬੀ. ਬੀ. ਐਸ. ਚੌਥੇ ਸਾਲ ਦੀ ਵਿਦਿਆਰਥਣ ਹੈ। ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਪਿੰਡ ਪੰਡੋਰੀ ਦੀ ਮੁਸਕਾਨ ਥਿੰਦ ਪੁੱਤਰੀ ਦਲਵਿੰਦਰ ਸਿੰਘ ਵੀ ਐਮ. ਬੀ. ਬੀ. ਐੱਸ. ਦੀ ਵਿਦਿਆਰਥਣ ਹੈ। ਉਨ੍ਹਾਂ ਦੀ ਬੇਟੀ ਨਾਲ ਗੱਲਬਾਤ ਕੀਤੀ ਗਈ ਹੈ, ਜੋ ਸੁਰੱਖਿਅਤ ਹੈ ਪਰ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਫ਼ੋਟੋ : ਸੁਲਤਾਨਪੁਰ ਲੋਧੀ 1