ਵਿਸ਼ਵ ਵਪਾਰ ਸੰਗਠਨ ਵਿਰੁਧ ਰੋਸ ਪ੍ਰਦਰਸ਼ਨ ਕੀਤਾ
ਚੰਡੀਗੜ੍ਹ/ਲਖਨਊ: ਵਿਸ਼ਵ ਵਪਾਰ ਸੰਗਠਨ (WTO) ਸਮਝੌਤੇ ਤੋਂ ਖੇਤੀਬਾੜੀ ਖੇਤਰ ਨੂੰ ਬਾਹਰ ਰੱਖਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ, ਹਰਿਆਣਾ ਅਤੇ ਪਛਮੀ ਉੱਤਰ ਪ੍ਰਦੇਸ਼ ’ਚ ਕਈ ਥਾਵਾਂ ’ਤੇ ਟਰੈਕਟਰ ਰੈਲੀਆਂ ਕੱਢੀਆਂ ਅਤੇ ਪੁਤਲੇ ਸਾੜੇ। ਉੱਤਰ ਪ੍ਰਦੇਸ਼ ’ਚ ਰੈਲੀਆਂ ਕਾਰਨ ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਤ ਹੋਈ ਅਤੇ ਕਿਸਾਨਾਂ ਨੇ ਵਿਸ਼ਵ ਵਪਾਰ ਸੰਗਠਨ (WTO) ਦੇ ਪੁਤਲੇ ਵੀ ਸਾੜੇ। 13ਵੀਂ WTO ਮੰਤਰੀ ਪੱਧਰੀ ਕਾਨਫਰੰਸ ਸੰਯੁਕਤ ਅਰਬ ਅਮੀਰਾਤ ’ਚ ਕੀਤੀ ਜਾ ਰਹੀ ਹੈ।
2020-21 ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਕਈ ਕਿਸਾਨ ਯੂਨੀਅਨਾਂ ਦੀ ਸਾਂਝੀ ਸੰਸਥਾ ਸੰਯੁਕਤ ਕਿਸਾਨ ਮੋਰਚਾ (SKM) ਦੇ ਸੱਦੇ ’ਤੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਰਾਜਮਾਰਗਾਂ ’ਤੇ ਅਪਣੇ ਟਰੈਕਟਰ ਖੜ੍ਹੇ ਕੀਤੇ। ਹਰਿਆਣਾ ਨਾਲ ਲਗਦੀ ਪੰਜਾਬ ਦੀ ਸਰਹੱਦ ’ਤੇ ਖਨੌਰੀ ਅਤੇ ਸ਼ੰਭੂ ਪੁਆਇੰਟਾਂ ’ਤੇ ਵੀ WTO ਦੇ ਪੁਤਲੇ ਸਾੜੇ ਗਏ, ਜਿੱਥੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (KMM) ਦੀ ਅਗਵਾਈ ’ਚ ਹਜ਼ਾਰਾਂ ਕਿਸਾਨ ਸੁਰੱਖਿਆ ਬਲਾਂ ਵਲੋਂ ਦਿੱਲੀ ਮਾਰਚ ਨੂੰ ਰੋਕਣ ਤੋਂ ਬਾਅਦ ਡੇਰਾ ਲਾ ਰਹੇ ਹਨ।
ਕਿਸਾਨ ਨੇਤਾਵਾਂ ਨੇ ਦਾਅਵਾ ਕੀਤਾ ਕਿ WTO ਦਾ ਉਦੇਸ਼ ਖੇਤੀ ਸਬਸਿਡੀਆਂ ਨੂੰ ਖਤਮ ਕਰਨਾ ਹੈ ਅਤੇ ਜੇਕਰ ਭਾਰਤ ਇਸ ਦੀ ਪਾਲਣਾ ਕਰਦਾ ਹੈ ਤਾਂ ਇਹ ਆਤਮਘਾਤੀ ਹੋਵੇਗਾ। ਪਛਮੀ ਉੱਤਰ ਪ੍ਰਦੇਸ਼ ’ਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (BKU) ਦੇ ਸੱਦੇ ’ਤੇ ਟਰੈਕਟਰਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਅਤੇ WTO ਦੇ ਪੁਤਲੇ ਸਾੜੇ, ਜਿਸ ਨਾਲ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ। ਦੁਪਹਿਰ ਨੂੰ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਨੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਵੱਖ-ਵੱਖ ਮੰਗਾਂ ਲਈ ਕੇਂਦਰ ’ਤੇ ਦਬਾਅ ਬਣਾਉਣ ਲਈ ਪੰਜਾਬ-ਹਰਿਆਣਾ ਸਰਹੱਦਾਂ ’ਤੇ ਡਟੇ ਕਿਸਾਨਾਂ ’ਤੇ ‘ਅੱਤਿਆਚਾਰਾਂ‘ ਦੀ ਨਿੰਦਾ ਕੀਤੀ।
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ’ਚ ਕਿਸਾਨਾਂ ਦੇ ਟਰੈਕਟਰ ਮਾਰਚ ਕਾਰਨ ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਤ ਹੋਈ। ਉਨ੍ਹਾਂ ਨੇ ਦਿੱਲੀ-ਦੇਹਰਾਦੂਨ ਕੌਮੀ ਰਾਜਮਾਰਗ ’ਤੇ ਬਾਈਲੇਨ ਨੂੰ ਵੀ ਜਾਮ ਕਰ ਦਿਤਾ। ਪ੍ਰਦਰਸ਼ਨਕਾਰੀਆਂ ਨੇ ਅਪਣੇ ਟਰੈਕਟਰ ਪੁਰਕਾਜ਼ੀ ਥਾਣਾ ਖੇਤਰ ਦੇ ਭੂਰਾਹੇੜੀ, ਖਟੌਲੀ ਥਾਣਾ ਖੇਤਰ ਦੇ ਭੰਗੇਲਾ, ਮਨਸੂਰਪੁਰ ਚੌਰਾਹੇ ਅਤੇ ਚਾਪਰ ਥਾਣਾ ਖੇਤਰ ਦੇ ਰਾਮਪੁਰ ਤਿਰਾਹਾ ਵਿਖੇ ਖੜ੍ਹੇ ਕੀਤੇ।
BKU ਕਾਰਕੁਨਾਂ ਅਤੇ ਕਿਸਾਨਾਂ ਨੇ ਮੇਰਠ ’ਚ ਕੌਮੀ ਰਾਜਮਾਰਗ 58 ’ਤੇ ਅਪਣੇ ਟਰੈਕਟਰ ਖੜ੍ਹੇ ਕੀਤੇ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ। ਹਾਈਵੇਅ ’ਤੇ WTO ਦਾ ਪੁਤਲਾ ਵੀ ਸਾੜਿਆ ਗਿਆ, ਜਿਸ ਦੌਰਾਨ BKU ਦੇ ਜ਼ਿਲ੍ਹਾ ਪ੍ਰਧਾਨ ਅਨੁਰਾਗ ਚੌਧਰੀ ਦੀ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ। BKU ਵਰਕਰਾਂ ਨੇ ਮਦਨ ਪਾਲ ਯਾਦਵ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ, ਜਿਸ ’ਚ ਅਹੁਦੇਦਾਰਾਂ ਨੇ 14 ਮਾਰਚ ਨੂੰ ਦਿੱਲੀ ਮਾਰਚ ਦਾ ਸੱਦਾ ਦਿਤਾ।
ਪੰਜਾਬ ਦੇ ਹੁਸ਼ਿਆਰਪੁਰ ’ਚ ਕਿਸਾਨਾਂ ਨੇ ਜਲੰਧਰ-ਜੰਮੂ ਕੌਮੀ ਰਾਜਮਾਰਗ ਸਮੇਤ ਕਈ ਥਾਵਾਂ ’ਤੇ ਅਪਣੇ ਟਰੈਕਟਰ ਖੜ੍ਹੇ ਕੀਤੇ। ਦੋਆਬਾ ਕਿਸਾਨ ਸੰਮਤੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਕਿਸਾਨਾਂ ਨੇ ਟਾਂਡਾ ਦੇ ਪਾਵਰ ਹਾਊਸ ਚੌਕ ’ਤੇ ਸੜਕ ’ਤੇ ਅਪਣੇ ਟਰੈਕਟਰ ਵੀ ਖੜ੍ਹੇ ਕੀਤੇ। ਇਕ ਇਕੱਠ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਵਿਸ਼ਵ ਵਪਾਰ ਸੰਗਠਨ (WTO) ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ‘ਕਿਸਾਨ ਵਿਰੋਧੀ’ ਕਰਾਰ ਦਿਤਾ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), BKU (ਕਾਦੀਆਂ), BKU (ਏਕਤਾ ਉਗਰਾਹਾਂ) ਵਰਗੀਆਂ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਵੀ ਹੁਸ਼ਿਆਰਪੁਰ-ਫਗਵਾੜਾ ਰੋਡ, ਨਸਰਾਲਾ-ਤਾਰਾਗੜ੍ਹ ਰੋਡ, ਦੋਸਰਕਾ-ਫਤਿਹਪੁਰ ਰੋਡ, ਬੁੱਲੋਵਾਲ-ਅਲੋਵਾਲ ਰੋਡ ਅਤੇ ਭੂੰਗਾ-ਹਰਿਆਣਾ ਰੋਡ ’ਤੇ ਅਪਣੇ ਟਰੈਕਟਰ ਖੜ੍ਹੇ ਕੀਤੇ।
ਪ੍ਰਦਰਸ਼ਨਕਾਰੀਆਂ ਨੇ ਘੱਟੋ-ਘੱਟ ਸਮਰਥਨ ਮੁੱਲ, ਕਰਜ਼ਾ ਮੁਆਫੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਅਤੇ ਕਿਸਾਨਾਂ ਲਈ ਪੈਨਸ਼ਨ ਦੀ ਕਾਨੂੰਨੀ ਗਰੰਟੀ ਦੀ ਵੀ ਮੰਗ ਕੀਤੀ। ਅੰਮ੍ਰਿਤਸਰ ’ਚ ਕਿਸਾਨਾਂ ਨੇ ਅਜਨਾਲਾ, ਜੰਡਿਆਲਾ ਗੁਰੂ, ਰਈਆ ਅਤੇ ਬਿਆਸ ’ਚ ਹਾਈਵੇਅ ’ਤੇ ਅਪਣੇ ਵਾਹਨ ਖੜ੍ਹੇ ਕੀਤੇ। ਲੁਧਿਆਣਾ ’ਚ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਕਿਸਾਨਾਂ ਨੇ ਵਿਸ਼ਵ ਵਪਾਰ ਸੰਗਠਨ ਵਿਰੁਧ ਅਪਣਾ ਵਿਰੋਧ ਦਰਜ ਕਰਵਾਉਣ ਲਈ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਹਾਈਵੇਅ ਦੇ ਕਿਨਾਰੇ ਅਪਣੇ ਟਰੈਕਟਰ ਖੜ੍ਹੇ ਕੀਤੇ।
ਹਰਿਆਣਾ ਦੇ ਹਿਸਾਰ ’ਚ ਕਿਸਾਨਾਂ ਨੇ ਰਾਜ ਅਤੇ ਕੌਮੀ ਰਾਜਮਾਰਗਾਂ ’ਤੇ 50 ਥਾਵਾਂ ’ਤੇ ਅਪਣੇ ਟਰੈਕਟਰ ਖੜ੍ਹੇ ਕਰ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐੱਸ.) ਦੇ ਸੂਬਾ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਨੰਬਰਦਾਰ ਨੇ ਕਿਹਾ ਕਿ ਸੁਰੇਵਾਲਾ ਚੌਕ, ਮਯਾਰ ਟੋਲ, ਚੌਧਰੀਵਾਸ, ਬਗਲਾ ਮੋੜ, ਬਡੋਪੱਟੀ ਅਤੇ ਬਾਸ ਟੋਲ ਸਮੇਤ ਵੱਖ-ਵੱਖ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਕਾਰਨ ਸਰਕਾਰ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਨਹੀਂ ਦੇ ਰਹੀ।
ਕਿਸਾਨ ਅੰਦੋਲਨ ਕਿਸਾਨਾਂ ਦਾ ਨਹੀਂ ਬਲਕਿ ਸਿਆਸੀ: ਭਾਜਪਾ ਆਗੂ
ਬਦਾਯੂੰ: ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਤ੍ਰਿਵੇਂਦਰ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਕਿਸਾਨ ਅੰਦੋਲਨ ਕਿਸਾਨਾਂ ਦਾ ਨਹੀਂ ਬਲਕਿ ਸਿਆਸੀ ਹੈ। ਰਾਵਤ ਨੇ ਅੱਜ ਇੱਥੇ ਡਾਇਟ ਦੇ ਆਡੀਟੋਰੀਅਮ ’ਚ ਸਵੈ-ਸਹਾਇਤਾ ਸਮੂਹਾਂ ਦੇ ਖਿਡਾਰੀਆਂ ਅਤੇ ਔਰਤਾਂ ਨੂੰ ਸੰਬੋਧਨ ਕੀਤਾ ਅਤੇ ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਕਿਸਾਨ ਅੰਦੋਲਨ ਦੇ ਸਵਾਲ ’ਤੇ ਰਾਵਤ ਨੇ ਕਿਹਾ, ‘‘ਕਿਸਾਨ ਅੰਦੋਲਨ ਕਿਸਾਨਾਂ ਦਾ ਨਹੀਂ ਹੈ, ਇਹ ਸਿਆਸੀ ਹੈ। ਕਿਸਾਨ ਜੇ.ਸੀ.ਬੀ. ਟਰੈਕਟਰ ਅਤੇ ਹਥਿਆਰ ਲੈ ਕੇ ਜਾ ਰਹੇ ਹਨ ਕਿਉਂਕਿ ਇਸ ਅੰਦੋਲਨ ਦੇ ਪਿੱਛੇ ਸਿਆਸੀ ਲੋਕ ਹਨ।’’
ਕੁੱਝ ਦਿਨ ਪਹਿਲਾਂ ਹਲਦਵਾਨੀ ’ਚ ਹੋਈ ਹਿੰਸਾ ਦੇ ਸਵਾਲ ’ਤੇ ਰਾਵਤ ਨੇ ਕਿਹਾ ਕਿ ਹਲਦਵਾਨੀ ਹਿੰਸਾ ਪਹਿਲਾਂ ਤੋਂ ਯੋਜਨਾਬੱਧ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੇ ਛੱਤਾਂ ’ਤੇ ਪੱਥਰ ਇਕੱਠੇ ਕੀਤੇ ਸਨ, ਥਾਣਿਆਂ ’ਤੇ ਹਮਲਾ ਕੀਤਾ ਸੀ, ਪਟਰੌਲ ਬੰਬ ਸੁੱਟੇ ਗਏ ਸਨ। ਇਸ ਲਈ ਇਹ ਹਮਲਾ ਯੋਜਨਾਬੱਧ ਸਾਜ਼ਸ਼ ਸੀ। ਉਨ੍ਹਾਂ ਕਿਹਾ ਕਿ ਹਲਦਵਾਨੀ ’ਚ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਦੰਗਾਕਾਰੀਆਂ ਤੋਂ ਹੀ ਕੀਤੀ ਜਾਵੇਗੀ।