
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਮੋਹਾਲੀ ਵਿਚ ਹਾਈ ਅਲਰਟ ਐਲਾਨ ਦਿੱਤਾ ਗਿਆ ਤੇ ਇੰਟਰਨੈਸ਼ਨਲ ਏਅਰਪੋਰਟ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ । ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਮੋਹਾਲੀ ਵਿਚ ਹਾਈ ਅਲਰਟ ਐਲਾਨ ਦਿੱਤਾ ਗਿਆ ਤੇ ਇੰਟਰਨੈਸ਼ਨਲ ਏਅਰਪੋਰਟ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ । ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਪੁਲਿਸ ਵਿਭਾਗ ਨੇ ਕਈ ਪੁਲਿਸ ਕਰਮਚਾਰੀਆਂ ਨੂੰ ਸਿਵਲ ਵਰਦੀ ਵਿਚ ਤਾਇਨਾਤ ਕੀਤਾ ਹੈ। ਏਅਰਪੋਰਟ ਨੂੰ ਜਾਣ ਵਾਲੇ ਰੋਡ 'ਤੇ ਸਪੈਸ਼ਲ ਨਾਕੇ ਲਾਏ ਗਏ ਹਨ। ਇਸ ਤੋਂ ਇਲਾਵਾ ਇਕ ਬੁਲੇਟ ਪਰੂਫ ਗੱਡੀ ਨੂੰ ਪੂਰੇ ਇਲਾਕੇ ਦੀ ਗਸ਼ਤ 'ਤੇ ਲਾਇਆ ਗਿਆ ਹੈ ਤਾਂ ਕਿ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।
ਜਾਣਕਾਰੀ ਮੁਤਾਬਿਕ ਆਜ਼ਾਦੀ ਦਿਵਸ ਨੂੰ ਇਕ ਹਫਤਾ ਰਹਿ ਗਿਆ ਹੈ। ਦੇਸ਼ ਦੀ ਸਰਹੱਦ 'ਤੇ ਚੱਲ ਰਹੇ ਹਾਲਾਤ ਦੇ ਮੱਦੇਨਜ਼ਰ ਰਾਸ਼ਟਰੀ ਏਜੰਸੀਆਂ ਨੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਹਦਾਇਤ ਦਿੱਤੀ ਹੈ ਤਾਂ ਜੋ ਕੋਈ ਵੀ ਏਅਰਪੋਰਟ ਦੀ ਸੁਰੱਖਿਆ ਨੂੰ ਭੰਗ ਨਾ ਕਰ ਸਕੇ। ਇਸ ਤੋਂ ਇਲਾਵਾ ਸੁਰੱਖਿਆ ਕਰਮਚਾਰੀ ਏਅਰਪੋਰਟ ਦੀ ਸੁਰੱਖਿਆ ਵਿਚ ਲਾ ਦਿੱਤੇ ਗਏ ਹਨ।
ਸੈਲਫੀ ਲੈਣ ਵਾਲਿਆਂ ਦੀ ਖੈਰ ਨਹੀਂ
ਏਅਰਪੋਰਟ ਅੰਦਰ ਫੋਟੋ ਤੇ ਸੈਲਫੀ ਲੈਣ ਵਾਲਿਆਂ 'ਤੇ ਸਖਤ ਨਜ਼ਰ ਰੱਖਣ ਲਈ ਕਿਹਾ ਗਿਆ ਹੈ । ਅਧਿਕਾਰੀਆਂ ਮੁਤਾਬਿਕ ਚੰਡੀਗੜ੍ਹ ਏਅਰਪੋਰਟ ਸੰਵੇਦਨਸ਼ੀਲ ਥਾਵਾਂ ਵਿਚੋਂ ਇਕ ਹੈ, ਅਜਿਹੇ ਵਿਚ ਏਅਰਪੋਰਟ ਅੰਦਰ ਫੋਟੋਗ੍ਰਾਫੀ 'ਤੇ ਪੂਰਨ ਤੌਰ 'ਤੇ ਪਾਬੰਦੀ ਹੈ ਤੇ ਸੁਰੱਖਿਆ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਲਈ ਕਿਹਾ ਗਿਆ ਹੈ। ਸਕਿਓਰਿਟੀ ਮੁਲਾਜ਼ਮਾਂ ਨੂੰ ਸਿਵਲ ਵਰਦੀ ਵਿਚ ਵੀ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ ਹੈ।
ਇਸ ਦੌਰਾਨ ਉਨ੍ਹਾਂ ਨੂੰ ਸਾਰੇ ਚੈੱਕ ਪੁਆਇੰਟਾਂ ਤੇ ਏਅਰਪੋਰਟ ਦੇ ਚਾਰੇ ਪਾਸੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਏਅਰਪੋਰਟ ਟਰਮੀਨਲ ਸਾਹਮਣੇ ਆਟੋ ਰਿਕਸ਼ਾ ਤੇ ਕੈਬ ਨੂੰ ਜ਼ਿਆਦਾ ਦੇਰ ਨਾ ਰੁਕਣ ਦਿੱਤਾ ਜਾਵੇ ।