
ਬਠਿੰਡਾ ਜੀਂਦ ਰੇਲਵੇ ਟਰੈਕ ਤੇ ਮੌੜ ਮੰਡੀ ਵਿਖੇ ਓਵਰ ਬਰਿੱਜ ਥੱਲੇ ਰੇਲਵੇ ਲਾਈਨ ਤੇ ਵੀ ਜਾਮ ਲਾਇਆ ਜਾਵੇਗਾ।
ਬਠਿੰਡਾ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਬਠਿੰਡਾ ਸ਼ਹਿਰ ਦੇ ਭਾਈ ਘਨ੍ਹੱਈਆ ਚੌਕ ਵਿਚ ਜਾਮ ਲਗਾ ਦਿੱਤਾ ਹੈ। ਕਿਸਾਨਾਂ ਨੇ ਮਿੱਥੇ ਸਮੇਂ ਤੇ ਸਵੇਰੇ ਛੇ ਵਜੇ ਸੜਕ ਤੇ ਆਪਣੇ ਵਾਹਨ ਲਾ ਕੇ ਜਾਮ ਸ਼ੁਰੂ ਕਰ ਦਿੱਤਾ ਹੈ। ਜਾਮ ਕਾਰਨ ਬਠਿੰਡਾ ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਤੇ ਟਰੱਕਾਂ ਅਤੇ ਹੋਰ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਬਹੁਤੇ ਲੋਕਾਂ ਨੂੰ ਉਮੀਦ ਸੀ ਕਿ ਜਾਮ ਕਰੀਬ ਨੌੰ ਦੱਸ ਵਜੇ ਤੋਂ ਸ਼ੁਰੂ ਹੋਵੇਗਾ ਪਰ ਕਿਸਾਨਾਂ ਨੇ ਮਿੱਥੇ ਸਮੇਂ ਅਨੁਸਾਰ ਛੇ ਵਜੇ ਹੀ ਭਾਈ ਘਨ੍ਹੱਈਆ ਚੌਕ ਵਿਚ ਨਾਕਾ ਲਗਾ ਦਿੱਤਾ।
Farmers Protest
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਜਾਮ ਲਗਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸੜਕੀ ਆਵਾਜਾਈ ਦੇ ਨਾਲ ਨਾਲ ਰੇਲਵੇ ਟਰੈਕ ਵੀ ਜਾਮ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਛੋਟ ਰਹੇਗੀ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਬਾਦਲ ਰੋਡ ਤੇ ਘੁੱਦਾ, ਬਠਿੰਡਾ ਅੰਮ੍ਰਿਤਸਰ ਰੋਡ ਤੇ ਜੀਦਾ, ਬਠਿੰਡਾ ਚੰਡੀਗਡ਼੍ਹ ਰੋਡ ਤੇ ਲਹਿਰਾਬੇਗਾ ਅਤੇ ਰਾਮਪੁਰਾ, ਬਾਜਾਖਾਨਾ ਬਰਨਾਲਾ ਰੋਡ ਤੇ ਭਗਤਾ ਵਿਖੇ ਗਿਆਰਾਂ ਵਜੇ ਤੋਂ ਲੈ ਕੇ ਚਾਰ ਵਜੇ ਤਕ ਸੜਕ ਜਾਮ ਲਾਇਆ ਜਾਵੇਗਾ ਅਤੇ ਬਠਿੰਡਾ ਜੀਂਦ ਰੇਲਵੇ ਟਰੈਕ ਤੇ ਮੌੜ ਮੰਡੀ ਵਿਖੇ ਓਵਰ ਬਰਿੱਜ ਥੱਲੇ ਰੇਲਵੇ ਲਾਈਨ ਤੇ ਜਾਮ ਲਾਇਆ ਜਾਵੇਗਾ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਤਹਿਤ ਸਮੁੱਚੇ ਸੂਬੇ ਵਿਚ ਲਾਮਬੰਦੀ ਕਰ ਲਈ ਹੈ। ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸੂਬੇ ਦੇ ਹਰ ਵਰਗ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਸੂਬੇ ਵਿਚ ਮੁਕੰਮਲ ਬੰਦ ਰਹਿਣ ਦੇ ਆਸਾਰ ਹਨ। ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਮੁਕੰਮਲ ਬੰਦ ਦਾ ਸੱਦਾ ਦਿਤਾ ਗਿਆ ਹੈ। ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ ਅਤੇ ਸੰਸਥਾਵਾਂ ਬੰਦ ਰਹਿਣਗੀਆਂ, ਸੜਕਾਂ ਅਤੇ ਰੇਲਾਂ ਜਾਮ ਰਹਿਣਗੀਆਂ, ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ।