
ਨਸ਼ਾ ਵੇਚਣ ਵਾਲਿਆਂ ਨੂੰ 'ਆਪ' ਵਿਧਾਇਕ ਵਲੋਂ ਸਪੀਕਰਾਂ ਰਾਹੀਂ ਦਿਤੀ ਜਾ ਰਹੀ ਹੈ ਚਿਤਾਵਨੀ
ਫਰੀਦਕੋਟ, 25 ਮਾਰਚ (ਗੁਰਿੰਦਰ ਸਿੰਘ) : ਸਥਾਨਕ ਡਾ. ਅੰਬੇਡਕਰ ਨਗਰ ਦੇ ਗੁਰਦੁਵਾਰਾ ਗੁਰਦਰਸ਼ਨ ਸਾਹਿਬ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਖ਼ੁਦ ਪਹੁੰਚ ਕੇ ਮੁਹੱਲੇ ਅੰਦਰ ਵਿਕਦੇ ਨਸ਼ੇ ਨੂੰ ਜੜੋਂ ਖ਼ਤਮ ਕਰਨ ਲਈ ਗੁਰਦਵਾਰੇ ਦੇ ਲਾਉਡ ਸਪੀਕਰ ਰਾਹੀਂ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਹੱਲੇ ਅੰਦਰ ਮਾੜੇ ਕੰਮ ਕਰਨ ਵਾਲੇ ਬਾਜ ਆ ਜਾਣ, ਨਹੀ ਤਾਂ ਸਖ਼ਤੀ ਵਰਤੀ ਜਾਵੇਗੀ |
ਅਪਣੇ ਸੰਬੋਧਨ ਦੌਰਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੁਹੱਲੇ ਅੰਦਰ ਸ਼ਰੇਆਮ ਵਿਕਦੇ ਨਸ਼ੇ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਇਸ ਲਈ ਉਹ ਅੱਜ ਆਪ ਅਜਿਹੇ ਮਾੜੇ ਅਨਸਰਾਂ ਨੂੰ ਸਖ਼ਤ ਤਾੜਨਾ ਕਰਨ ਲਈ ਪਹੁੰਚੇ ਹਨ ਤਾਂ ਜੋ ਮੁਹੱਲੇ ਅੰਦਰ ਵਿਕਦਾ ਚਿੱਟਾ, ਸਮੈਕ, ਗੋਲੀਆਂ ਆਦਿ ਨਸ਼ੇ ਨੂੰ ਮੁਕੰਮਲ ਬੰਦ ਕਰਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੱੁਝ ਨਸ਼ਾ ਤਸਕਰ ਬਿਨਾਂ ਕਿਸੇ ਖੌਫ਼ ਦੇ ਸ਼ਰੇਆਮ ਨਸ਼ੇ ਦੀ ਸਪਲਾਈ ਕਰ ਰਹੇ ਹਨ, ਇਸ ਲਈ ਇਕ ਵਾਰ ਚਿਤਾਵਨੀ ਵੀ ਦਿਤੀ ਗਈ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਬਹੁਤ ਜਲਦ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਲਈ ਫਲੈਕਸ ਬੋਰਡ ਲਾਏ ਜਾ ਰਹੇ ਹਨ, ਜਿਸ 'ਤੇ 'ਆਪ' ਵਲੰਟੀਅਰਾਂ ਸਮੇਤ ਮੇਰਾ ਨੰਬਰ ਲਿਖਿਆ ਹੋਵੇਗਾ, ਜਿਸ 'ਤੇ ਮਾੜੇ ਅਨਸਰਾਂ ਬਾਰੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਇਸੇ ਲੜੀ ਤਹਿਤ ਹੀ ਅੱਜ ਮਾੜੇ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿਤੀ ਗਈ ਹੈ ਕਿ ਉਹ ਸੁਧਰ ਜਾਣ, ਨਹੀ ਤਾਂ ਜੇਲ ਜਾਣ ਦੀ ਤਿਆਰੀ ਖਿੱਚ ਲੈਣ |
ਫੋਟੋ :- ਕੇ.ਕੇ.ਪੀ.-ਗੁਰਿੰਦਰ-25-1ਏ