
ਹੁਕਮਰਾਨਾਂ ਨਾਲੋਂ ਬਾਦਲਾਂ ਤੋਂ ਪੰਥ ਨੂੰ ਜ਼ਿਆਦਾ ਖ਼ਤਰਾ : ਰਵੀਇੰਦਰ ਸਿੰਘ
ਮਾ. ਤਾਰਾ ਸਿੰਘ ਵਰਗੀ ਸ਼ਖ਼ਸੀਅਤ ਦੀ ਲੋੜ ਹੈ, ਜੋ ਮੁੜ ਪੰਥ ਨੂੰ ਸ਼ਕਤੀਸ਼ਾਲੀ ਬਣਾ ਸਕੇ
ਚੰਡੀਗੜ੍ਹ, 25 ਮਾਰਚ (ਭੁੱਲਰ) : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸਮੂਹ ਪੰਥਕ ਸੰਗਠਨਾਂ ਨੂੰ ਇਕ ਮੰਚ ਤੇ ਇਕੱਠੇ ਹੋਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਬਾਦਲ ਪ੍ਰਵਾਰ ਤੋਂ ਸਿੱਖ-ਸੰਗਠਨ ਆਜ਼ਾਦ ਕਰਵਾਉਣ ਨਾਲ ਹੀ ਮੀਰੀ-ਪੀਰੀ ਦਾ ਸਿਧਾਂਤ ਮੁੜ ਲਾਗੂ ਹੋ ਸਕਦਾ ਹੈ | ਪ੍ਰਕਾਸ਼ ਸਿੰਘ ਬਾਦਲ ਦੇ ਗੁਰਧਾਮਾਂ ਪ੍ਰਤੀ ਆਏ ਬਿਆਨ 'ਤੇ ਸਾਬਕਾ ਸਪੀਕਰ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਵਿਰੋਧੀ ਹਾਕਮਾਂ ਨਾਲੋਂ, ਉਨ੍ਹਾਂ ਦੇ ਪ੍ਰਵਾਰਵਾਦ ਤੋਂ ਪੰਥ ਨੂੰ ਜ਼ਿਆਦਾ ਖ਼ਤਰਾ ਹੈ | ਵਿਧਾਨ ਸਭਾ ਚੋਣਾਂ ਨੇ ਸਾਬਤ ਕਰ ਦਿਤਾ ਹੈ ਕਿ ਵੰਸ਼ਵਾਦ ਦੀ ਸਿਆਸਤ ਨੂੰ ਪੰਜਾਬੀਆਂ ਖ਼ਾਸ ਕਰ ਕੇ ਸਿੱਖਾਂ ਨੇ ਰੱਦ ਕਰ ਦਿਤਾ ਹੈ ਜਿਸ ਦੇ ਸਿੱਟੇ ਵਜੋਂ ਗ਼ੈਰ-ਪੰਥਕਾਂ ਦੇ ਹੱਥ ਵਿਚ ਸਿੱਖ ਪ੍ਰਭਾਵ ਵਾਲੇ ਪ੍ਰਾਂਤ 'ਤੇ ਕਬਜ਼ਾ ਬਾਦਲਾਂ ਦੀਆਂ ਗ਼ਲਤੀਆਂ ਕਾਰਨ ਹੋ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ ਤਿੰਨ ਸੀਟਾਂ ਹੀ ਹਾਸਲ ਹੋਈਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਸਿਆਸਤ 'ਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਸੀ ਪਰ ਪ੍ਰਵਾਰਵਾਦ ਦੀ ਰਾਜਨੀਤੀ ਨੇ ਧਰਮ ਨੂੰ ਸਿਆਸੀ ਅਖਾੜਾ ਬਣਾ ਦਿਤਾ ਹੈ |
ਸਾਬਕਾ ਸਪੀਕਰ ਨੇ ਸਪਸ਼ਟ ਕੀਤਾ ਕਿ 'ਆਪ' ਦੀ ਪੰਜਾਬ ਵਿਚ ਬਣੀ ਹਕੂਮਤ ਪੰਜਾਬ ਤੇ ਖ਼ਾਸ ਕਰ ਕੇ ਸਿੱਖਾਂ ਦੇ ਦੇਸ਼ ਵਿਦੇਸ਼ ਨਾਲ ਸਬੰਧਤ ਮਸਲੇ, ਭਗਵੰਤ ਮਾਨ ਸਰਕਾਰ ਨਿਪਟਾਰਾ ਕਰਨ ਦੇ ਅਸਮਰਥ ਹੈ | ਇਸ ਦਾ ਕਾਰਨ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੋਚ ਗ਼ੈਰ-ਪੰਥਕ ਹੋਣਾ ਹੈ | ਸਿੱਖ ਕੌਮ ਬੇਸ਼ੁਮਾਰ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਹੈ | ਸਾਬਕਾ ਸਪੀਕਰ ਮੁਤਾਬਕ ਭਗਵੰਤ ਮਾਨ ਸਰਕਾਰ ਨੂੰ 'ਆਪ' ਸੁਪਰੀਮੋਂ ਅਰਵਿੰਦ ਕੇਜਰੀਵਾਲ ਅਪਣੇ ਰਿਮੋਟ ਕੰਟਰੋਲ ਨਾਲ ਚਲਾਉਣਗੇ, ਜਿਸ ਨਾਲ ਦੇਰ-ਸਵੇਰ ਪੰਜਾਬ ਵਿਚ ਤਣਾਅ ਵਧੇਗਾ ਜੋ ਸੂਬੇ ਲਈ ਖ਼ਤਰਨਾਕ ਹੈ | ਦੂਸਰਾ ਕੇਜਰੀਵਾਲ ਨੇ ਬੜੇ ਸੀਨੀਅਰ ਤੇ ਆਮ ਆਦਮੀਂ ਪਾਰਟੀ ਦੇ ਬਾਨੀਆਂ ਨੂੰ ਪਹਿਲਾਂ ਨੁਕਰੇ ਲਾਇਆ ਫਿਰ ਬਾਹਰ ਦਾ ਰਸਤਾ ਵਿਖਾਇਆ ਪਰ ਰਵਾਇਤੀ ਪਾਰਟੀਆਂ ਤੋਂ ਦੁਖੀ ਲੋਕਾਂ ਨੇ ਅੱਕ ਚੱਬ ਕੇ ਪਰਿਵਰਤਨ ਲਿਆਂਦਾ ਹੈ | ਮੌਜੂਦਾ ਬਣੇ ਸਿਆਸੀ ਤੇ ਧਾਰਮਕ ਹਲਾਤਾਂ ਵਿਚ ਮਾ. ਤਾਰਾ ਸਿੰਘ ਵਰਗੀ ਸ਼ਖ਼ਸੀਅਤ ਦੀ ਲੋੜ ਹੈ ਤਾਂ ਜੋ ਪੰਥ ਨੂੰ ਮੁੜ ਸ਼ਕਤੀਸ਼ਾਲੀ ਬਣਾ ਸਕੇ |