
ਦਸਤਕਾਰਾਂ, ਸ਼ਿਲਪਕਾਰਾਂ ਤੇ ਕਾਰੀਗਰਾਂ ਦਾ ਹੁਨਰ ਹੀ ਉਨ੍ਹਾਂ ਦਾ ਧਰਮ : ਨਕਵੀ
ਚੰਡੀਗੜ੍ਹ, 25 ਮਾਰਚ (ਗੁਰਉਪਦੇਸ਼ ਭੁੱਲਰ) : ਘੱਟ ਗਿਣਤੀਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਤ ਨਕਵੀ ਨੇ ਕਿਹਾ ਹੈ ਕਿ ਦਸਤਕਾਰਾਂ, ਸ਼ਿਲਪਕਾਰਾਂ ਅਤੇ ਕਾਰੀਗਰਾਂ ਦਾ ਹੁਨਰ ਹੀ ਉਨ੍ਹਾਂ ਦਾ ਧਰਮ ਹੈ। ਅੱਜ ਇਥੇ ਪਰੇਡ ਗਰਾਊਂਡ ਵਿਖੇ ਦੇਸ਼ ਦੇ 31 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀ ਸ਼ਮੂਲੀਅਤ ਵਾਲੇ ਕੌਮੀ ‘ਹੁਨਰ ਹਾਟ’ ਮੇਲੇ ’ਚ ਪਹੁੰਚਣ ਸਮੇਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਮੇਲੇ ’ਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੇ 720 ਉਸਤਾਦ ਕਾਰੀਗਰ ਹਿੱਸਾ ਲੈ ਰਹੇ ਹਨ।
ਇਸ ਦਾ ਰਸਮੀ ਉਦਘਾਟਨ 26 ਮਾਰਚ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਰਨਗੇ। ਉਨ੍ਹਾਂ ਕਿਹਾ ਕਿ ਹੁਨਰ ਦੀ ਕਦਰ ਤੇ ਮਿਹਨਤ ਨੂੰ ਮੌਕਾ ਦੇਣ ਲਈ ‘ਹੁਨਰ ਹਾਟ’ ਮੇਲੇ ਬਹੁਤ ਕਾਰਗਰ ਸਾਬਤ ਹੋਏ ਹਨ। ਪਿਛਲੇ 7 ਸਾਲਾਂ ’ਚ 8 ਲੱਖ ਤੋਂ ਵਧ ਸਵਦੇਸ਼ੀ ਕਾਰੀਗਰਾਂ, ਸ਼ਿਲਪਕਾਰਾਂ ਅਤੇ ਉਨ੍ਹਾਂ ਨਾਲ ਜੁੜੇ ਹੋਰ ਕੰਮਕਾਰ ਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਇਨ੍ਹਾਂ ’ਚ 50 ਫ਼ੀ ਸਦੀ ਤੋਂ ਵੱਧ ਔਰਤਾਂ ਹਨ। ਉਨ੍ਹਾਂ ਕਿਹਾ ‘ਹੁਨਰ ਹਾਟ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਕਲ ਫ਼ਾਰ ਲੋਕਲ ਅਤੇ ਆਤਮ ਨਿਰਭਰ ਭਾਰਤ ਲਈ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਲਈ ਸਹੀ ਪਲੇਟਫ਼ਾਰਮ ਸਾਬਤ ਹੋਇਆ ਹੈ। ਇਹ ਏਕਤਾ ’ਚ ਅਨੇਕਤਾ ਅਤੇ ਸਰਬਧਰਮ ਸਦਭਾਵ ਦੀ ਮਿਸਾਲ ਵੀ ਪੈਦਾ ਕਰਦਾ ਹੈ।