ਮਨੀਸ਼ ਸਿਸੋਦੀਆ ਦਾ ਅਮਿਤ ਸ਼ਾਹ ’ਤੇ ਵਿਅੰਗ, ‘ਸੀਸੀਟੀਵੀ ਗਲੀਆਂ ’ਚ ਹੁੰਦੇ ਨੇ, ਅਸਮਾਨ ਵਿਚ ਨਹੀਂ’
ਨਵੀਂ ਦਿੱਲੀ, 25 ਮਾਰਚ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਵਿਚ 2021-22 ਦੇ ਨਤੀਜੇ ਬਜਟ ਦੀ ਸਥਿਤੀ ਰਿਪੋਰਟ ਦੀਆਂ ਕਾਪੀਆਂ ਪੇਸ਼ ਕੀਤੀਆਂ। ਸੀਸੀਟੀਵੀ ਯੋਜਨਾ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ 1.5 ਲੱਖ ਸੀਸੀਟੀਵੀ ਲਾਉਣ ਦਾ ਟੀਚਾ ਸੀ, ਦਸੰਬਰ ਤਕ 2.75 ਲੱਖ ਸੀਸੀਟੀਵੀ ਕੈਮਰੇ ਲਗਾਏ ਜਾ ਚੁਕੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਸਿਸੋਦੀਆ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਬਿਆਨ ਦਿਤਾ ਸੀ ਕਿ ਮੈਂ ਦੂਰਬੀਨ ਲੈ ਕੇ ਸੀਸੀਟੀਵੀ ਲੱਭ ਰਿਹਾ ਹਾਂ ਤਾਂ ਮੈਂ ਉਨ੍ਹਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਸੀਸੀਟੀਵੀ ਸੜਕਾਂ ’ਤੇ ਹਨ, ਅਸਮਾਨ ਵਿਚ ਨਹੀਂ। ਉਹ ੍ਚੁਦ ਸੀਸੀਟੀਵੀ ਕੈਮਰੇ ਵਿਚ ਕੈਦ ਹੋਏ ਸਨ। ਸਿਸੋਦੀਆ ਨੇ ਵਿਧਾਨ ਸਭਾ ਨੂੰ ਦਸਿਆ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 15 ਲੱਖ ਤੋਂ ਵਧ ਕੇ 18 ਲੱਖ ਹੋ ਗਈ ਹੈ, 20 ਸਪੈਸ਼ਲ ਸਕੂਲ ਚਲ ਰਹੇ ਹਨ, ਜਿਨ੍ਹਾਂ ਵਿਚ 2300 ਬੱਚੇ ਪੜ੍ਹ ਰਹੇ ਹਨ। ਦਿੱਲੀ ਸਰਕਾਰ 11 ਹੋਰ ਸਕੂਲ ਸ਼ੁਰੂ ਕਰੇਗੀ, 31 ਸਕੂਲਾਂ ਦੀਆਂ 4800 ਸੀਟਾਂ ਲਈ 80 ਹਜ਼ਾਰ ਅਰਜ਼ੀਆਂ ਆਈਆਂ ਹਨ। ਮਨੀਸ਼ ਸਿਸੋਦੀਆ ਨੇ ਦਸਿਆ ਕਿ ਦਿੱਲੀ ਦਾ ਅਪਣਾ ਸਿਖਿਆ ਬੋਰਡ ਹੈ ਅਤੇ ਅਸੀਂ ਆਈਬੀ ਬੋਰਡ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਗਲੇ ਸਾਲ 2312 ਬੱਚੇ ਇਮਤਿਹਾਨ ਦੇਣਗੇ। ਸਿਸੋਦੀਆ ਨੇ ਕਿਹਾ ਕਿ ਅਸੀਂ ਸਕੂਲਾਂ ਵਿਚ ਦੇਸ਼ ਭਗਤੀ ਦਾ ਪਾਠਕ੍ਰਮ ਲਾਗੂ ਕੀਤਾ ਹੈ, ਜਿਸ ਨੂੰ ਹੁਣ ਪ੍ਰਾਈਵੇਟ ਸਕੂਲਾਂ ਵਿਚ ਵੀ ਲਾਗੂ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਮੁਹੱਲਾ ਕਲੀਨਿਕ ਵਿਚ ਇਕ ਸਾਲ ਵਿਚ 1 ਕਰੋੜ 44 ਲੱਖ ਮਰੀਜ਼ ਦੇਖੇ ਗਏ ਹਨ, ਭਾਵ ਹਰ ਰੋਜ਼ 60 ਹਜ਼ਾਰ ਮਰੀਜ਼ਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। (ਪੀਟੀਆਈ)