
ਹਾਰ ਤੋਂ ਬਾਅਦ ਅੱਜ ਹੋਵੇਗੀ ਕਾਂਗਰਸ ਦੀ ਉੱਚ ਪੱਧਰੀ ਬੈਠਕ
ਚੰਡੀਗੜ੍ਹ - ਪੰਜਾਬ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦਿੱਲੀ 'ਚ ਇਸ 'ਤੇ ਅੱਜ ਮੰਥਨ ਕਰੇਗੀ। ਹਾਰ ਤੋਂ ਬਾਅਦ ਕਾਂਗਰਸ ਦੀ ਕੇਸੀ ਵੇਣੂ ਗੋਪਾਲ ਦੀ ਅਗਵਾਈ ਵਿਚ ਅੱਜ ਉੱਚ ਪੱਧਰੀ ਬੈਠਕ ਹੋਵੇਗੀ। ਇਸ ਮੀਟਿੰਗ ਵਿਚ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਵੀ ਸ਼ਾਮਲ ਹੋਣਗੇ। ਮੀਟਿੰਗ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੇ ਇੰਚਾਰਜ ਰਹੇ ਹਰੀਸ਼ ਚੌਧਰੀ ਦੀ ਛੁੱਟੀ ਹੋਣੀ ਤੈਅ ਹੈ। ਦੂਜੇ ਪਾਸੇ ਨਵਜੋਤ ਸਿੱਧੂ ਦੀ ਥਾਂ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫਾ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ।
Sonia Gandhi
ਸਿੱਧੂ ਦੀ ਥਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ, ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਸੀਐਮ ਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਗਿੱਦੜਬਾਹਾ ਤੋਂ ਅਮਰਿੰਦਰ ਰਾਜਾ ਵੜਿੰਗ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰ ਹਨ। ਇਸ ਦੇ ਨਾਲ ਹੀ ਕਾਂਗਰਸ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ 'ਤੇ ਵੀ ਦਾਅ ਖੇਡਿਆ ਜਾ ਸਕਦਾ ਹੈ ਹਾਲਾਂਕਿ ਜੇਕਰ ਪ੍ਰਿਅੰਕਾ ਗਾਂਧੀ ਦੀ ਸੁਣੀ ਗਈ ਤਾਂ ਸਿੱਧੂ ਨੂੰ ਦੁਬਾਰਾ ਪ੍ਰਧਾਨ ਬਣਾਇਆ ਜਾ ਸਕਦਾ ਹੈ।
Navjot Sidhu
ਪੰਜਾਬ ਵਿੱਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ। ਸਿੱਧੂ ਦਾ ਤਰਕ ਹੈ ਕਿ ਇਹ ਚੋਣ ਉਨ੍ਹਾਂ ਦੀ ਨਹੀਂ, ਚਰਨਜੀਤ ਚੰਨੀ ਦੀ ਅਗਵਾਈ ਹੇਠ ਲੜੀ ਗਈ ਸੀ। ਸੋਨੀਆ ਗਾਂਧੀ ਨੂੰ ਭੇਜੇ ਗਏ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਉਨ੍ਹਾਂ ਨੇ ਸਿਰਫ਼ ਸੋਨੀਆ ਗਾਂਧੀ ਦੀ ਇੱਛਾ ਦਾ ਹਵਾਲਾ ਦਿੱਤਾ ਹੈ। ਸਿੱਧੂ ਖੁਦ ਅੰਮ੍ਰਿਤਸਰ ਪੂਰਬੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਤੋਂ ਹਾਰ ਗਏ ਸਨ।