
ਸੋਦਾ ਸਾਧ ਨੂੰ 4 ਮਈ ਲਈ ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ
ਕੋਟਕਪੂਰਾ, 25 ਮਾਰਚ (ਗੁਰਿੰਦਰ ਸਿੰਘ) : 24 ਅਤੇ 25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਇਤਰਾਜ਼ਯੋਗ ਪੋਸਟਰ ਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਉਸ ਦੇ ਅੰਗ ਗਲੀਆਂ ਵਿਚ ਖਿਲਾਰਨ ਦੇ ਮਾਮਲੇ ਵਿਚ ਨਾਮਜ਼ਦ ਡੇਰਾ ਪ੍ਰੇਮੀਆਂ ਖ਼ਿਲਾਫ਼ ਸੁਣਵਾਈ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਤਰਜਨੀ ਦੀ ਅਦਾਲਤ ਫਰੀਦਕੋਟ ਵਿਚ ਹੋਈ।
ਐਸਆਈਟੀ ਨੇ ਅਦਾਲਤ ਨੂੰ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਉਸ ਦੇ ਅੰਗ ਗਲੀਆਂ ਵਿਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ, ਜੋ ਕਿ ਰੋਹਤਕ ਦੀ ਸੁਨਾਰੀਆ ਜੇਲ ਵਿਚ ਨਜ਼ਰਬੰਦ ਹੈ। ਉਨ੍ਹਾਂ ਦਸਿਆ ਕਿ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਕਰਨ ਦੇ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ ਕੇਸ ਨੰਬਰ 63 ਵਿਚ ਸੋਦਾ ਸਾਧ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਜਾ ਚੁਕਾ ਹੈ, ਜਦਕਿ ਹੁਣ ਇਤਰਾਜ਼ਯੋਗ ਪੋਸਟਰ ਲਾਉਣ ਵਾਲੇ ਕੇਸ ਨੰਬਰ 117 ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਕੇਸ ਨੰਬਰ 128 ਵਿਚ ਵੀ ਨਾਮਜ਼ਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸਆਈਟੀ ਉਕਤ ਮਾਮਲੇ ਵਿਚ ਡੇਰਾ ਪ੍ਰੇਮੀ ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ, ਬਲਜੀਤ ਸਿੰਘ, ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ ਆਦਿ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿਚ ਚਲਾਨ ਪੇਸ਼ ਕਰ ਚੁਕੀ ਹੈ। ਐਸਆਈਟੀ ਨੇ ਅਦਾਲਤ ਨੂੰ ਦਸਿਆ ਕਿ ਇਸ ਮਾਮਲੇ ਵਿਚ ਸਾਜ਼ਸ਼ ਰਚਣ ’ਚ ਸੋਦਾ ਸਾਧ ਵੀ ਸ਼ਾਮਲ ਹੈ, ਜਿਸ ’ਤੇ ਆਦਲਤ ਨੇ ਸੁਨਾਰੀਆਂ ਜੇਲ ਦੇ ਸੁਪਰਡੈਂਟ ਨੂੰ ਲਿਖ਼ਤੀ ਹਦਾਇਤ ਕੀਤੀ ਹੈ ਕਿ ਸੋਦਾ ਸਾਧ ਨੂੰ 4 ਮਈ ਨੂੰ ਸਵੇਰੇ 10:00 ਵਜੇ ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਜਾਵੇ।
ਐਸਆਈਟੀ ਮੁਤਾਬਕ ਬੇਅਦਬੀ ਦੀ ਸਾਜ਼ਸ਼ ਸਮੇਤ ਸਾਰੇ ਕੇਸਾਂ ਵਿਚ ਜੋ ਕੁੱਝ ਵੀ ਹੋਇਆ, ਉਸਦੀ ਪ੍ਰਵਾਨਗੀ ਡੇਰਾ ਸਿਰਸਾ ਹੈਡ ਕੁਆਟਰ ਵਿਚ ਡੇਰਾ ਮੁਖੀ ਦਿੰਦਾ ਰਿਹਾ ਤੇ ਇਸ ਲਈ ਉਹ ਹੀ ਉਕਤ ਕੇਸਾਂ ਦਾ ਮੁੱਖ ਮੁਲਜ਼ਮ ਹੈ।