Punjab News: 34.70 ਲੱਖ ਰਿਸ਼ਵਤ ਲੈਣ ਵਾਲਾ ਮਾਲ ਪਟਵਾਰੀ ਗ੍ਰਿਫ਼ਤਾਰ, ਹਾਈਕੋਰਟ ਵੱਲੋਂ ਜ਼ਮਾਨਤ ਰੱਦ
Published : Mar 26, 2024, 7:25 pm IST
Updated : Mar 26, 2024, 7:25 pm IST
SHARE ARTICLE
Gurwinder Singh
Gurwinder Singh

ਜਾਇਦਾਦ ਦਾ ਇੰਤਕਾਲ ਕਰਨ ਬਦਲੇ ਮੰਗੀ ਸੀ ਰਿਸ਼ਵਤ

Punjab News: ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲ ਹਲਕਾ ਪੀਰੂਬੰਦਾ, ਪੂਰਬੀ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ ਨੂੰ 34.70 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਹਾਈਕੋਰਟ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਉਪਰੰਤ ਇਸ ਪਟਵਾਰੀ ਨੇ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਅੱਗੇ ਆਤਮ ਸਮਰਪਣ ਕਰ ਦਿੱਤਾ। ਭ੍ਰਿਸ਼ਟਾਚਾਰ ਦੇ ਇਸ ਕੇਸ ਵਿੱਚ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਉਕਤ ਪਟਵਾਰੀ ਦੇ ਭਰਾ ਤੇ ਪਿਤਾ ਅਤੇ ਉਸ ਦੇ ਏਜੰਟ ਨਿੱਕੂ ਖ਼ਿਲਾਫ਼ ਵੀ ਮੁਕੱਦਮਾ ਦਰਜ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਬੱਬੂ ਤੰਵਰ ਵਾਸੀ ਕਸਬਾ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਵੱਲੋਂ ਉਕਤ ਪਟਵਾਰੀ ਅਤੇ ਉਸ ਦੇ ਉਕਤ ਕਾਰਿੰਦੇ ਵਿਰੁੱਧ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਪਟਵਾਰੀ ਨੇ ਬੱਸ ਸਟੈਂਡ ਲੁਧਿਆਣਾ ਨੇੜੇ ਸਥਿਤ ਉਸਦੇ ਪਿਤਾ ਦੀ ਜਾਇਦਾਦ, ਜਿਸ ਦੀ ਸਾਲ 1994 ਵਿੱਚ ਰਜਿਸਟਰੀ ਹੋਈ ਸੀ, ਦਾ ਇੰਤਕਾਲ ਕਰਵਾਉਣ ਲਈ 40,000 ਰੁਪਏ ਰਿਸ਼ਵਤ ਲਈ ਸੀ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਪਟਵਾਰੀ ਅਤੇ ਉਸਦੇ ਏਜੰਟ ਨਿੱਕੂ ਨੇ ਉਸ ਕੋਲੋਂ ਸਮਾਰਟ ਘੜੀਆਂ ਦੇ ਨਾਲ-ਨਾਲ ਦੋ 'ਆਈ-ਫੋਨ' ਖਰੀਦਣ ਲਈ 3,40,000 ਰੁਪਏ ਅਤੇ 3 ਲੱਖ ਰੁਪਏ ਦੀ ਕੀਮਤ ਦੀਆਂ ਪਾਕਿਸਤਾਨੀ ਜੁੱਤੀਆਂ ਵੀ ਲਈਆਂ ਸਨ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਉਕਤ ਪਟਵਾਰੀ ਦੇ ਏਜੰਟ ਨਿੱਕੂ ਦੇ ਜਨਮ ਦਿਨ ਦੀ ਪਾਰਟੀ 'ਤੇ 80,000 ਰੁਪਏ ਵੀ ਖਰਚੇ ਸਨ।

ਬੁਲਾਰੇ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਉਕਤ ਪਟਵਾਰੀ, ਉਸ ਦੇ ਸਾਥੀ ਨਿੱਕੂ, ਉਕਤ ਪਟਵਾਰੀ ਦੇ ਪਿਤਾ ਪਰਮਜੀਤ ਸਿੰਘ ਤੇ ਭਰਾ ਬਲਵਿੰਦਰ ਸਿੰਘ ਨੇ ਆਪਸੀ ਮਿਲੀਭੁਗਤ ਨਾਲ ਉਕਤ ਇੰਤਕਾਲ ਕਰਾਉਣ ਬਦਲੇ ਚਾਰ ਕਿਸ਼ਤਾਂ ਦੇ ਰੂਪ ਵਿੱਚ 27,50,000 ਰੁਪਏ ਰਿਸ਼ਵਤ ਲਈ ਸੀ। 

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਪਟਵਾਰੀ ਨੇ ਨਾ ਤਾਂ ਜਾਇਦਾਦ ਦਾ ਇੰਤਕਾਲ ਦਰਜ ਕੀਤਾ ਅਤੇ ਨਾ ਹੀ ਇਸ ਕੰਮ ਲਈ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਕਤ ਮੁਲਜ਼ਮਾਂ ਨੇ ਰਿਸ਼ਵਤ ਲੈਣ ਉਪਰੰਤ ਵੀ ਸ਼ਿਕਾਇਤਕਰਤਾ ਨਾਲ ਧੋਖਾਧੜੀ ਕੀਤੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪਟਵਾਰੀ ਗੁਰਵਿੰਦਰ ਸਿੰਘ, ਉਸਦੇ ਸਾਥੀ ਨਿੱਕੂ ਸਮੇਤ ਉਕਤ ਪਟਵਾਰੀ ਦੇ ਭਰਾ ਤੇ ਪਿਤਾ ਨੂੰ ਰਿਸ਼ਵਤ ਮੰਗਣ ਤੇ ਲੈਣ ਅਤੇ ਆਪਸੀ ਮਿਲੀਭੁਗਤ ਨਾਲ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਸ਼ਾਮਲ ਪਾਏ ਜਾਣ ‘ਤੇ ਉਹਨਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਅਤੇ ਆਈ.ਪੀ.ਸੀ. ਦੀ ਧਾਰਾ 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮਿਤੀ 24-11-2023 ਨੂੰ ਐਫ.ਆਈ.ਆਰ. ਨੰਬਰ 29 ਤਹਿਤ ਪਹਿਲਾਂ ਹੀ ਮੁਕੱਦਮਾ ਦਰਜ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਟਵਾਰੀ ਦੇ ਪਿਤਾ ਅਤੇ ਭਰਾ ਨੂੰ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ ਪਰ ਹਾਈਕੋਰਟ ਨੇ ਪਟਵਾਰੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

ਇਸ ਉਪਰੰਤ ਪਟਵਾਰੀ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਨਿੱਕੂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਲਈ ਹੁਣ ਕੋਈ ਹੋਰ ਰਸਤਾ ਨਾ ਮਿਲਣ ‘ਤੇ ਉਕਤ ਪਟਵਾਰੀ ਨੇ ਵਿਜੀਲੈਂਸ ਬਿਊਰੋ ਰੇਂਜ, ਲੁਧਿਆਣਾ ਅੱਗੇ ਆਤਮ ਸਮਰਪਣ ਕਰ ਦਿੱਤਾ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਉਸਦੇ ਸਾਥੀ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement