
ਕਾਂਗਰਸ ਲਈ ਇਹ ਸੀਟ ਜਿਤਣਾ ਵੱਡੀ ਚੁਨੌਤੀ ਹੋਵੇਗੀ
ਚੰਡੀਗੜ੍ਹ,ਭਾਰਤੀ ਚੋਣ ਕਮਿਸ਼ਨ ਨੇ ਅੱਜ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰ ਦਿਤਾ।ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦਸਿਆ ਕਿ ਇਸ ਜ਼ਿਮਨੀ ਚੋਣ ਸਬੰਧੀ ਨੋਟੀਫ਼ੀਕੇਸ਼ਨ 3 ਮਈ, 2018 ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਅੰਤਮ ਮਿਤੀ 10 ਮਈ, 2018 ਨਿਰਧਾਰਤ ਕੀਤੀ ਗਈ ਹੈ। ਬੁਲਾਰੇ ਨੇ ਦਸਿਆ ਕਿ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ 11 ਮਈ, 2018 ਨੂੰ ਕੀਤੀ ਜਾਵੇਗੀ ਜਦਕਿ ਕਾਗ਼ਜ਼ ਵਾਪਸ ਲੈਣ ਦੀ ਅੰਤਮ 14 ਮਈ, 2018 ਮਿੱਥੀ ਗਈ ਹੈ।ਬੁਲਾਰੇ ਨੇ ਦਸਿਆ ਕਿ 28 ਮਈ, 2018 ਦਿਨ ਸੋਮਵਾਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ 31 ਮਈ, 2018 ਨੂੰ ਕੀਤਾ ਜਾਵੇਗਾ। ਜ਼ਿਮਨੀ ਚੋਣ ਕਾਰਨ ਜ਼ਿਲ੍ਹਾ ਜਲੰਧਰ ਵਿਚ ਤੁਰਤ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਹਲਕੇ ਤੋਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਦਾ ਬੀਤੇ ਫ਼ਰਵਰੀ ਮਹੀਨੇ ਦਿਹਾਂਤ ਹੋ ਜਾਣ ਮਗਰੋਂ ਸੀਟ ਖ਼ਾਲੀ ਹੋ ਗਈ ਸੀ।
Shahkot Elections
ਸਾਲ 2012 'ਚ ਮੁੜ ਹੱਦਬੰਦੀ ਦੌਰਾਨ ਹੋਂਦ 'ਚ ਆਏ ਵਿਧਾਨ ਸਭਾ ਹਲਕਾ (ਪੁਰਾਣਾ ਲੋਹੀਆਂ) ਨੂੰ ਇਕ ਤਰ੍ਹਾਂ ਨਾਲ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਸ ਸੀਟ 'ਤੇ ਦਾਅਵੇਦਾਰੀ ਹੋਰ ਪੱਕੀ ਕਰਨ ਲਈ ਅਕਾਲੀ ਦਲ ਨੇ ਹੀ ਸੱਭ ਤੋਂ ਪਹਿਲਾਂ ਲੰਘੀ 28 ਮਾਰਚ ਨੂੰ ਇਸ ਸੀਟ ਤੋਂ ਮਰਹੂਮ ਅਜੀਤ ਸਿੰਘ ਕੋਹਾੜ ਦੇ ਹੀ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਐਲਾਨ ਦਿਤਾ ਸੀ ਹਾਲਾਂਕਿ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਅਦਾਲਤ 'ਚ ਮੁਆਫ਼ੀ ਤੋਂ ਨਿਰਾਸ਼ ਆਮ ਆਦਮੀ ਪਾਰਟੀ ਵਲੋਂ ਸ਼ਾਹਕੋਟ ਤੋਂ ਪਿਛਲੀ ਵਿਧਾਨ ਸਭਾ ਚੋਣ ਲੜ ਚੁੱਕੇ ਡਾ. ਅਮਰਜੀਤ ਸਿੰਘ ਥਿੰਦ ਖ਼ੁਦ ਨੂੰ ਟਿਕਟ ਮਿਲਣ ਦੀ ਆਸ 'ਚ ਅਕਾਲੀ ਦਲ ਵਿਚ ਸ਼ਾਮਲ ਹੋਏ ਸੀ ਪਰ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੋਈ। ਪਹਿਲਾਂ ਹੀ ਵਜ਼ਾਰਤੀ ਵਾਧੇ 'ਚ ਦੋਆਬੇ ਖ਼ਾਸਕਰ ਜਲੰਧਰ ਜ਼ਿਲ੍ਹੇ ਦੀ ਅਣਦੇਖੀ ਦੀ 'ਚਰਚਾ' ਕਾਰਨ ਕਾਂਗਰਸ ਪਾਰਟੀ ਲਈ ਇਹ ਜ਼ਿਮਨੀ ਚੋਣ ਜਿੱਤਣਾ ਵੱਡੀ ਚੁਨੌਤੀ ਸਾਬਤ ਹੋ ਸਕਦਾ ਹੈ।