
ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 826 'ਤੇ ਪੁੱਜੀ, ਪੀੜਤ 26,917
ਨਵੀਂ ਦਿੱਲੀ, 26 ਅਪ੍ਰੈਲ : ਸਿਹਤ ਮੰਤਰਾਲੇ ਨੇ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਤੋਂ ਮਰਨ ਵਾਲੇ ਲੋਕਾਂ ਦੀ ਗਿਣਤੀ 826 ਤਕ ਪੁੱਜਣ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 26,917 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 47 ਪੀੜਤਾਂ ਦੀ ਮੌਤ ਹੋਈ ਹੈ ਅਤੇ ਦੇਸ਼ ਵਿਚ 1975 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਦਾ ਅੰਕੜਾ ਹੁਣ ਤਕ ਦਾ ਇਕ ਦਿਨ ਦਾ ਸੱਭ ਤੋਂ ਜ਼ਿਆਦਾ ਹੈ।
ਮੰਤਰਾਲੇ ਦੇ ਬਿਆਨ ਮੁਤਾਬਕ ਇਲਾਜ ਮਗਰੋਂ 5913 ਮਰੀਜ਼ਾਂ ਨੂੰ ਸਿਹਤਯਾਬ ਹੋਣ 'ਤੇ ਛੁੱਟੀ ਦੇ ਦਿਤੀ ਗਈ ਹੈ। ਇਸ ਦੇ ਨਾਲ ਹੀ ਬੀਮਾਰੀ ਤੋਂ ਠੀਕ ਹੋਏ ਮਰੀਜ਼ਾਂ ਦਾ ਫ਼ੀ ਸਦੀ ਵੀ ਵੱਧ ਕੇ 21.90 ਹੋ ਗਿਆ ਹੈ।
ਕੋਰੋਨਾ ਦੀ ਲਾਗ ਨੂੰ ਕੰਟਰੋਲ ਕਰਨ ਲਈ ਦੇਸ਼ਵਿਆਪੀ ਪੱਧਰ 'ਤੇ ਕੀਤੇ ਜਾ ਰਹੇ ਯਤਨਾਂ ਦੀ ਮੰਤਰਾਲੇ ਅਤੇ ਵੱਖ ਵੱਖ ਸਰਕਾਰਾਂ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ ਵਿਚ ਏਮਜ਼ ਵਿਚ ਟਰਾਊਮਾ ਸੈਂਟਰ ਦਾ ਦੌਰਾ ਕਰ ਕੇ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਏਮਜ਼ ਦੇ ਟਰਾਊਮਾ ਸੈਂਟਰ ਨੂੰ ਕੋਵਿਡ-19 ਹਸਪਤਾਲ ਵਿਚ ਬਦਲ ਦਿਤਾ ਗਿਆ ਹੈ। ਉਨ੍ਹਾਂ ਵੀਡੀਉ ਕਾਨਫ਼ਰੰਸ ਜ਼ਰੀਏ ਕੁੱਝ ਕੋਰੋਨਾ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।
ਡਾ. ਹਰਸ਼ਵਰਧਨ ਨੇ ਰੋਬੋਟ ਜ਼ਰੀਏ ਹੀ ਵੀਡੀਉ ਕਾਲ ਕਰ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਮੰਤਰਾਲੇ ਮੁਤਾਬਕ ਕੈਬਨਿਟ ਸਕੱਤਰ ਨੇ ਵੀ ਕੋਰੋਨਾ ਲਾਗ ਦੀ ਹਾਲਤ ਦੀ ਸਮੀਖਿਆ ਲਈ ਐਤਵਾਰ ਨੂੰ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਮੁਖੀਆਂ ਨਾਲ ਵੀਡੀਉ ਕਾਨਫ਼ਰੰਸ ਕੀਤੀ। ਉਨ੍ਹਾਂ ਸਾਰੀਆਂ ਰਾਜ ਸਰਕਾਰਾਂ ਨੂੰ ਲਾਗ ਵਿਰੋਧੀ ਤਰੀਕਿਆਂ ਦੀ ਪਾਲਣਾ ਯਕੀਨੀ ਕਰਨ ਅਤੇ ਕੋਵਿਡ-19 ਹਸਪਤਾਲ ਵਿਚ ਇਲਾਜ ਸਹੂਲਤਾਂ ਅਤੇ ਸਾਧਨਾਂ ਦੀ ਉਪਲਭਧਤਾ ਨੂੰ ਕਾਇਮ ਰੱਖਣ ਵਾਸਤੇ ਆਖਿਆ। ਸਿਹਤ ਮੰਤਰੀ ਨੇ ਦੇਸ਼ਵਾਸੀਆਂ ਨੂੰ ਤਾਲਾਬੰਦੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹਾਟਸਪਾਟ ਖੇਤਰ ਹੁਣ ਲਾਗ ਮੁਕਤ ਐਲਾਨੇ ਜਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਇਸ ਮਹਾਮਾਰੀ ਦੀ ਲਾਗ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।