
ਸਰਕਾਰੀ ਅਤੇ ਪ੍ਰਾਈਵੇਟ ਬਸਾਂ ਵਿਚ 20 ਅਪ੍ਰੈਲ ਤੋਂ 25 ਸਵਾਰੀਆਂ ਬਿਠਾਉਣ ਦੀ ਕਾਨੂੰਨੀ ਇਜਾਜ਼ਤ ਅਤੇ ਫ਼ੁਰਮਾਨ ਜਾਰੀ ਕੀਤਾ ਗਿਆ ਹੈ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਕੇਂਦਰ ਅਤੇ ਸੂਬਾਈ ਸਰਕਾਰਾਂ ਕੋਵਿਡ-19 ਦੇ ਚਲਦਿਆਂ ਭਾਵੇਂ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਲਗਾਤਾਰ ਚੌਂਕਸ ਕਰ ਰਹੀਆ ਹਨ ਪਰ ਉਨ੍ਹਾਂ ਵਲੋਂ ਜਾਰੀ ਕੀਤੇ ਗਏ ਕਈ ਆਪਾ ਵਿਰੋਧੀ ਫ਼ੁਰਮਾਨ ਲੋਕਾਂ ਅੰਦਰ ਭੰਬਲਭੂਸੇ ਦਾ ਕਾਰਨ ਵੀ ਬਣ ਰਹੇ ਹਨ ਜਿਸ ਦੇ ਚਲਦਿਆਂ ਲੋਕਾਂ ਵਿਚ ਹਿਚਕਚਾਹਟ ਪੈਦਾ ਹੋ ਜਾਂਦੀ ਹੈ ਕਿ ਇਨ੍ਹਾਂ ਸਰਕਾਰੀ ਬੰਦਿਸ਼ਾਂ ਨੂੰ ਹੂਬਹੂ ਮੰਨਿਆ ਜਾਵੇ ਜਾਂ ਨਾਂਹ।
corona virus
ਸਰਕਾਰਾਂ ਵਲੋਂ ਆਮ ਲੋਕਾਂ ਦੀਆ ਖ਼ੁਸ਼ੀਆਂ ਅਤੇ ਗਮੀਆਂ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਵਾਲਿਆਂ ਦੋਸਤਾਂ, ਮਿੱਤਰਾਂ, ਸੱਜਣਾਂ ਅਤੇ ਰਿਸ਼ਤੇਦਾਰਾਂ ਦੀ ਗਿਣਤੀ ਮਿੱਥ ਦਿਤੀ ਹੈ ਕਿ ਇਕੱਠ ਇਸ ਸੀਮਾ ਤੋਂ ਵਧੇਰੇ ਨਾ ਹੋਵੇ ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਦੋ ਮਹੀਨਿਆਂ ਤੋਂ ਖ਼ੁਦ ਦੇਸ਼ ਦੇ ਛੇ ਸੂਬਿਆਂ ਦੀਆਂ ਵਿਧਾਨ ਸਭਾ ਲਈ ਹੋਣ ਵਾਲੀਆਂ ਚੋਣ ਰੈਲੀਆਂ ਕਰਨ ਵਿਚ ਮਸ਼ਰੂਫ ਹਨ, ਜਿੱਥੇ ਹਰ ਰੈਲੀ ਵਿਚ ਕਈ-ਕਈ ਹਜ਼ਾਰ ਵਿਅਕਤੀ ਰੋਜ਼ਾਨਾ ਸ਼ਾਮਲ ਹੁੰਦੇ ਹਨ ਪਰ ਉੱਥੇ ਕੋਰੋਨਾ ਲਾਗ ਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ ਜਾਂਦੀ।
Alcohol
ਇਸੇ ਤਰ੍ਹਾਂ ਸ਼ਰਾਬ ਦੇ ਠੇਕਿਆਂ ਅਤੇ ਅਹਾਤਿਆਂ ਉਤੇ ਵੱਡੀਆਂ ਭੀੜਾਂ ਜੁੜਦੀਆਂ ਹਨ। ਅਹਤਿਆਂ ਵਿਚ ਸ਼ਰਾਬ ਪੀਣ ਵਾਲੇ ਆਪਸੀ ਦੂਰੀ ਬਣਾ ਕੇ ਰੱਖਣ ਦੇ ਸਰਕਾਰੀ ਪੈਮਾਨੇ ਦੀ ਵੀ ਪ੍ਰਵਾਹ ਨਹੀਂ ਕਰਦੇ ਪਰ ਉੱਥੇ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਜਦ ਕਿ ਰਾਜ ਦੇ ਸਿਖਿਆਂ ਵਿਭਾਗ ਵਲੋਂ ਸਕੂਲਾਂ ਦੇ ਵਿਸ਼ਾਲ ਕਮਰਿਆਂ ਵਿਚ 40 ਬੈਂਚਾਂ ਉਤੇ 20 ਬੱਚੇ ਬਿਠਾਉਣ ਦੀ ਆਗਿਆ ਵੀ ਨਹੀਂ ਦਿਤੀ ਜਾ ਰਹੀ ਅਤੇ ਸਾਰੇ ਸਕੂਲ ਬੰਦ ਕੀਤੇ ਜਾ ਚੁੱਕੇ ਹਨ ਜਿਸ ਕਰ ਕੇ ਜਿੱਥੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। ਉੱਥੇ ਉਨ੍ਹਾਂ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ।
School closed
ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਬਸਾਂ ਵਿਚ 20 ਅਪ੍ਰੈਲ ਤੋਂ 25 ਸਵਾਰੀਆਂ ਬਿਠਾਉਣ ਦੀ ਕਾਨੂੰਨੀ ਇਜਾਜ਼ਤ ਅਤੇ ਫ਼ੁਰਮਾਨ ਜਾਰੀ ਕੀਤਾ ਗਿਆ ਹੈ ਅਤੇ ਮਿੱਥੀ ਗਿਣਤੀ ਤੋਂ ਵਧੇਰੇ ਸਵਾਰੀਆ ਬਿਠਾਉਣ ਉਤੇ 40 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ ਪਰ ਧਾਰਮਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਯਾਤਰੂਆਂ ਦੇ ਟੈਂਪੂ ਅਤੇ ਟਰਾਲੀਆਂ ਨੱਕੋ ਨੱਕ ਭਰੇ ਹੋਏ ਹੁੰਦੇ ਹਨ।
CM Punjab
ਸਰਕਾਰੀ ਹੁਕਮਾਂ ਵਿਚ ਵੱਖ-ਵੱਖ ਸਮਾਗਮਾਂ ਵਿਚ ਭੀੜਾਂ ਕਰਨ ਦੇ ਪੈਮਾਨੇ ਵੀ ਵੱਖਰੇ-ਵੱਖਰੇ ਹਨ ਜਿਸ ਕਰ ਕੇ ਲੋਕ ਇਨ੍ਹਾਂ ਦਾ ਸਨਮਾਨ ਨਹੀਂ ਕਰਦੇ ਅਤੇ ਸਰਕਾਰ ਨੂੰ ਲੋੜੀਂਦਾ ਸਹਿਯੋਗ ਵੀ ਨਹੀਂ ਦੇ ਰਹੇ। ਸਰਕਾਰਾਂ ਨੂੰ ਇਹ ਲੋਕ ਮਸਲੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।